ਪਛਮੀ ਉੱਤਰ ਪ੍ਰਦੇਸ਼ ਵਿਚ ਰਾਹੁਲ, ਪ੍ਰਿਅੰਕਾ ਤੇ ਸਿੱਧੂ ਦੇ ਦੌਰੇ ਦੀ ਤਿਆਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਦੇਸ਼ ਦੇ ਗ਼ਰੀਬਾਂ ਦਾ ਮਜਾਕ ਉਡਾਇਆ ਹੈ

Rahul Gandhi and Priyanka Gandhi

ਮੇਰਠ : ਆਗਾਮੀ ਆਮ ਚੋਣਾਂ ਨੂੰ ਦੇਖਦਿਆਂ ਕਾਂਗਰਸ ਦੇ ਪੱਖ ਵਿਚ ਮਾਹੌਲ ਬਣਾਉਣ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਪ੍ਰਿਅੰਕਾ ਗਾਂਧੀ ਵਾਡਰਾ, ਜੋਤਿਰਾਦਿਤਿਆ ਸਿੰਧੀਆ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਕਾਂਗਰਸ ਦੇ ਸਟਾਰ ਪ੍ਰਚਾਰਕ ਅਪ੍ਰੈਲ ਦੇ ਪਹਿਲੇ ਹਫ਼ਤੇ ਪੱਛਮੀ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਕਾਂਗਰਸ ਦੇ ਪੱਛਮੀ ਉੱਤਰ ਪ੍ਰਦੇਸ਼ ਤੋਂ ਸਹਿ ਮੁਖੀ ਰਾਘਵ ਸਿੰਗਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। 

ਰਾਘਵ ਸਿੰਗਲਾ ਨੇ ਦਸਿਆ ਕਿ ਅੱਠ ਅਪ੍ਰੈਲ ਨੂੰ ਸਹਾਰਨਪੁਰ ਦੇ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਚੋਣ ਜਨਤਕ ਸਭਾ ਨੂੰ ਸੰਬੋਧਨ  ਕਰਨਗੇ। ਇਸ ਵਿਚ ਪਾਰਟੀ ਦੇ ਪੱਛਮੀ ਉੱਤਰ ਪ੍ਰਦੇਸ਼ ਮੁਖੀ ਯੋਤੀਰਾਦਿਤਿਆ ਸਿੰਧੀਆ ਵੀ ਮੌਜੂਦ ਹੋਣਗੇ। ਉਨ੍ਹਾਂ ਦਸਿਆ, ''ਮੇਰਠ-ਹਾਪੁੜ, ਬਿਜਨੌਰ, ਗਾਜ਼ੀਆਬਾਦ, ਮੁਰਾਦਾਬਾਦ, ਫ਼ਤਿਹਪੁਰ ਸੀਕਰੀ ਲੋਕ ਸਭਾ ਸੀਟ 'ਤੇ ਇਨ੍ਹਾਂ ਦੀ ਜਨਤਕ ਸਭਾ ਅਤੇ ਰੋਡ ਸ਼ੋ ਦੀ ਤਿਆਰੀ ਕੀਤੀ ਜਾ ਰਹੀ ਹੈ। ਇਕ ਦੋ ਦਿਨ ਵਿਚ ਪੱਕੀ ਤਰੀਕ ਐਲਾਨ ਕੀਤੀ ਜਾਵੇਗੀ।''

ਪੱਛਮੀ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦਾ ਜ਼ਿੰਮਾ ਸੰਭਾਲ ਰਹੇ ਰਾਘਵ ਸਿੰਗਲਾ ਨੇ ਕਿਹਾ, ''ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੂੰ ਹਲਕਾ 
ਲੈਣਾ ਠੀਕ ਨਹੀਂ ਹੈ ਕਿਉਂਕਿ ਰਾਜਨੀਤੀ ਵਿਚ ਮਾਹੌਲ ਬਦਲਦਾ ਰਹਿੰਦਾ ਹੈ। ਅੱਜ ਇਲਾਕੇ ਦੀ ਜਨਤਾ ਇਕ ਵਾਰ ਫਿਰ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੀ ਹੈ।''
ਸਿੰਗਲਾ ਨੇ ਦਾਅਵਾ ਕੀਤਾ ਕਿ ਕਾਂਗਰਸ ਪੱਛਮੀ ਉੱਤਰ ਪ੍ਰਦੇਸ਼ ਦੀਆਂ 28 ਵਿਚੋਂ ਘੱਟ ਤੋਂ ਘੱਟ 12 ਸੀਟਾਂ 'ਤੇ ਜਿੱਤ ਦਰਜ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਰਠ ਰੈਲੀ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ, ''ਮੋਦੀ ਨੇ ਦੇਸ਼ ਦੇ ਗ਼ਰੀਬਾਂ ਦਾ ਮਜਾਕ ਉਡਾਇਆ ਹੈ। 

ਉਨ੍ਹਾਂ ਨੂੰ ਦੇਸ਼ ਦੇ ਗ਼ਰੀਬਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।'' ਉੱਤਰ ਪ੍ਰਦੇਸ਼ ਵਿਚ ਕਰੀਬ ਤਿੰਨ ਦਹਾਕਿਆਂ ਤੋਂ ਸੱਤਾ ਵਿਚੋਂ ਬਾਹਰ ਚੱਲ ਰਹੀ ਕਾਂਗਰਸ ਨੇ ਇਸ ਵਾਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸਿਆਸੀ ਮੈਦਾਨ ;ਵਿਚ ਉਤਾਰ ਕੇ ਵੱਡਾ ਦਾਅ ਖੇਡਿਆ ਹੈ। ਕਾਂਗਰਸ ਦੇ ਸਾਬਕਾ ਪ੍ਰਦੇਸ਼ ਸਕੱਤਰ ਚੌਧਰੀ ਯਸ਼ਪਾਲ ਸਿੰਘ ਅਨੁਸਾਰ, ਪਹਿਲਾਂ ਕਾਂਗਰਸ ਦੀਆਂ 13 ਰੈਲੀਆਂ ਉੱਤਰ ਪ੍ਰਦੇਸ਼ ਵਿਚ ਰੱਖੀਆਂ ਗਈਆਂ ਸਨ। ਪਹਿਲੀ ਰੈਲੀ ਪੱਛਮੀ ਉੱਤਰ ਪ੍ਰਦੇਸ਼ ਦੇ ਹਾਪੁੜ ਵਿਚ ਹੋਣੀ ਸੀ ਪਰ ਫ਼ਿਲਹਾਲ ਪ੍ਰਚਾਰ ਦੇ ਤਰੀਕੇ ਵਿਚ ਬਦਲਾਅ ਕਰ ਦਿਤਾ ਗਿਆ ਹੈ। (ਪੀਟੀਆਈ)