PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਲੱਖ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਦਾਅਵਾ
ਏਜੰਸੀਆਂ ਹੋਈਆਂ ਅਲਰਟ
ਨਵੀਂ ਦਿੱਲੀ - ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈਮੇਲ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਈਮੇਲ ਮੁੰਬਈ ਦੇ ਐੱਨ. ਆਈ. ਏ. ਨੂੰ ਭੇਜੀ ਗਈ ਹੈ। ਇਸ ਈਮੇਲ ’ਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਕੋਲ 20 ਸਲੀਪਰ ਸੈੱਲ ਤਿਆਰ ਹਨ, ਜਿਨ੍ਹਾਂ ਕੋਲ 20 ਕਿੱਲੋ ਆਰ. ਡੀ. ਐਕਸ ਮੌਜੂਦ ਹੈ। ਈਮੇਲ ਭੇਜਣ ਵਾਲੇ ਸ਼ਖ਼ਸ ਨੇ ਲਿਖਿਆ ਕਿ ਉਹ ਖੁਦਕੁਸ਼ੀ ਕਰ ਰਿਹਾ ਹੈ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਿਸੇ ਵੀ ਕੀਮਤ ’ਤੇ ਨਾ ਹੋ ਸਕੇ। ਇਹ ਈਮੇਲ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।
ਸੁਰੱਖਿਆ ਏਜੰਸੀਆਂ ਜਾਣਕਾਰੀ ਇਕੱਠੀ ਕਰ ਰਹੀਆਂ ਹਨ ਕਿ ਇਸ ਈਮੇਲ ਦੇ ਪਿੱਛੇ ਸੱਚਾਈ ਕੀ ਹੈ। ਇਸ ਈਮੇਲ ਵਿਚ ਕਿਹਾ ਗਿਆ ਹੈ ਕਿ ਅਸੀਂ 20 ਵੱਡੇ ਧਮਾਕੇ ਕਰਨ ਦੀ ਤਿਆਰੀ ਕਰ ਰਹੇ ਹਾਂ। ਇਕ ਬੰਬ ਧਮਾਕਾ ਪ੍ਰਧਾਨ ਮੰਤਰੀ ਮੋਦੀ ਕੋਲ ਕੀਤਾ ਜਾਵੇਗਾ। ਇਸ ਈਮੇਲ ’ਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ 20 ਲੱਖ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਸਾਲ ਜੂਨ 'ਚ 22 ਸਾਲਾ ਸਲਮਾਨ ਨਾਮ ਦੇ ਲੜਕੇ ਨੇ ਪੁਲਿਸ ਨੂੰ ਬੁਲਾ ਕੇ ਪੀਐੱਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਨੌਜਵਾਨ ਨੇ ਫੋਨ ਕਰਕੇ ਕਿਹਾ ਸੀ ਕਿ ਮੈਂ ਮੋਦੀ ਨੂੰ ਮਾਰਨਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਉਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮੁਢਲੀ ਪੁੱਛਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਹ ਫੋਨ ਜੇਲ੍ਹ ਅੰਦਰ ਜਾਣ ਲਈ ਕੀਤਾ ਸੀ।