ਅਸਾਮ : ਸੰਤ ਭਿੰਡਰਾਂਵਾਲੇ ਦੇ ਪੋਸਟਰ ਲਾਉਣ ਕਾਰਨ ਪੰਜਾਬੀ ਢਾਬਾ ਮਾਲਕ ਗ੍ਰਿਫਤਾਰ
ਪੁਲਿਸ ਨੇ ਗੁਰਮੁਖ ਸਿੰਘ ਦੇ ‘ਖ਼ਾਲਿਸਤਾਨੀ ਹਮਾਇਤੀ’ ਹੋਣ ਦਾ ਦਾਅਵਾ ਕੀਤਾ
ਗੁਹਾਟੀ: ਪੰਜਾਬ ਦੇ ਰਹਿਣ ਵਾਲੇ ਇਕ ਢਾਬਾ ਮਾਲਕ ਨੂੰ ਖਾਲਿਸਤਾਨੀ ਹਮਦਰਦੀ ਹੋਣ ਦੇ ਸ਼ੱਕ ’ਚ ਅਸਾਮ ਦੇ ਬੋਂਗਾਇਗਾਓਂ ਜ਼ਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਬੋਂਗਾਇਗਾਓਂ ਦੇ ਪੁਲਿਸ ਸੁਪਰਡੈਂਟ ਮੋਹਨ ਲਾਲ ਮੀਣਾ ਨੇ ਦਸਿਆ ਕਿ ਵਿਅਕਤੀ ਨੇ ਐਨ.ਐਚ.-27 ’ਤੇ ਗੇਰੂਕਾਬਾੜੀ ਚੌਕੀ ਨੇੜੇ ਸੜਕ ਕਿਨਾਰੇ ਅਪਣੇ ਖਾਣੇ ’ਤੇ ‘ਖਾਲਿਸਤਾਨੀ ਵਿਚਾਰਕ’ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰਾਂ ਦੇ ਪੋਸਟਰ ਲਗਾਏ ਸਨ।
ਉਨ੍ਹਾਂ ਕਿਹਾ, ‘‘ਉੱਥੇ ਭਿੰਡਰਾਂਵਾਲੇ ਦੀ ਤਸਵੀਰ ਹੈ। ਇਕ ਹੋਰ ਤਸਵੀਰ ’ਚ ਇਕ ਵਿਅਕਤੀ ਖਾਲਿਸਤਾਨੀ ਵਰਗਾ ਝੰਡਾ ਲਹਿਰਾ ਰਿਹਾ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।’’ ਮੀਣਾ ਨੇ ਕਿਹਾ ਕਿ ਸ਼ੱਕੀ ਦੀ ਪਛਾਣ ਗੁਰਮੁਖ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦਸਿਆ ਕਿ ਗੁਰਮੁਖ ਸਿੰਘ ਦੇ ਕਬਜ਼ੇ ’ਚੋਂ ਮਰਹੂਮ ‘ਵਿਵਾਦਤ’ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਮਿਲੀ ਹੈ।
ਐਸ.ਪੀ. ਨੇ ਕਿਹਾ, ‘‘ਉਸ ਨੇ ਦਾਅਵਾ ਕੀਤਾ ਕਿ ਕੁੱਝ ਟਰੱਕ ਡਰਾਈਵਰਾਂ ਨੇ ਉਸ ਨੂੰ ਇਹ ਤਸਵੀਰਾਂ ਦਿਤੀਆਂ। ਉਹ (ਖਾਲਿਸਤਾਨ ਦੇ) ਹਮਦਰਦੀ ਰੱਖ ਸਕਦੇ ਹਨ ਪਰ ਅਸੀਂ ਇਸ ਸਮੇਂ ਅਜਿਹਾ ਨਹੀਂ ਕਹਿ ਸਕਦੇ।’’ ਉਨ੍ਹਾਂ ਕਿਹਾ ਕਿ ਗੁਰਮੁਖ ਸਿੰਘ ਕੋਵਿਡ-19 ਤੋਂ ਪਹਿਲਾਂ ਟਰੱਕ ਚਲਾਉਂਦਾ ਸੀ ਪਰ ਮਹਾਂਮਾਰੀ ਤੋਂ ਬਾਅਦ ਉਨ੍ਹਾਂ ਨੇ ਢਾਬਾ ਖੋਲ੍ਹਿਆ।
ਮੀਨਾ ਨੇ ਕਿਹਾ, ‘‘ਸਾਨੂੰ ਲਗਦਾ ਹੈ ਕਿ ਉਸ ਨੇ ਅਪਣੇ ਢਾਬੇ ’ਤੇ ਟਰੱਕ ਡਰਾਈਵਰਾਂ ਨੂੰ ਖਿੱਚਣ ਲਈ ਅਜਿਹੇ ਪੋਸਟਰ ਲਗਾਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪੰਜਾਬ ਦੇ ਹਨ। ਨਹੀਂ ਤਾਂ ਉਹ ਅਪਣੇ ਢਾਬੇ ਦੇ ਸਾਹਮਣੇ ਅਜਿਹੀਆਂ ਮੂਰਖਤਾਪੂਰਨ ਹਰਕਤਾਂ ਨਾ ਕਰਦਾ।’’