ਉਡਾਣ ਵਿਚ ਦੇਰੀ ਹੋਣ 'ਤੇ ਹੁਣ ਜਹਾਜ਼ ਤੋਂ ਬਾਹਰ ਨਿਕਲ ਸਕਣਗੇ ਯਾਤਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਰੋਜ਼ ਲਗਭਗ 3,500 ਉਡਾਣਾਂ ਚਲਾਈਆਂ ਜਾਂਦੀਆਂ ਹਨ

Passengers will now be able to get out of the plane if the flight is delayed

ਨਵੀਂ ਦਿੱਲੀ - ਹਵਾਬਾਜ਼ੀ ਸੁਰੱਖਿਆ ਨਿਗਰਾਨ ਬੀਸੀਏਐਸ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਵਿਚ ਯਾਤਰੀਆਂ ਨੂੰ ਬੋਰਡਿੰਗ ਤੋਂ ਬਾਅਦ ਰਵਾਨਾ ਹੋਣ ਵਿਚ ਲੰਬੀ ਦੇਰੀ ਹੋਣ 'ਤੇ ਹਵਾਈ ਅੱਡਿਆਂ ਦੇ ਰਵਾਨਗੀ ਗੇਟਾਂ ਰਾਹੀਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐਸ) ਦਾ ਤਾਜ਼ਾ ਨਿਰਦੇਸ਼ ਹਵਾਈ ਅੱਡਿਆਂ 'ਤੇ ਵੱਧ ਰਹੀ ਭੀੜ ਅਤੇ ਉਡਾਣਾਂ ਵਿਚ ਦੇਰੀ ਦੇ ਵਧਦੇ ਮਾਮਲਿਆਂ ਦੇ ਪਿਛੋਕੜ ਵਿਚ ਆਇਆ ਹੈ। ਕਈ ਵਾਰ ਯਾਤਰੀ ਜਹਾਜ਼ 'ਚ ਚੜ੍ਹਨ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਫਸ ਜਾਂਦੇ ਹਨ। 
 

ਬੀਸੀਏਐਸ ਦੇ ਡਾਇਰੈਕਟਰ ਜਨਰਲ ਜੁਲਫਿਕਾਰ ਹਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨ ਕੰਪਨੀਆਂ ਅਤੇ ਹਵਾਈ ਅੱਡੇ ਦੇ ਸੰਚਾਲਕਾਂ ਨੂੰ ਨਵੇਂ ਦਿਸ਼ਾ ਨਿਰਦੇਸ਼ 30 ਮਾਰਚ ਨੂੰ ਜਾਰੀ ਕੀਤੇ ਗਏ ਸਨ ਅਤੇ ਹੁਣ ਲਾਗੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦਿਸ਼ਾ-ਨਿਰਦੇਸ਼ ਯਾਤਰੀਆਂ ਨੂੰ ਘੱਟ ਪਰੇਸ਼ਾਨੀ ਆਉਣ ਨੂੰ ਯਕੀਨੀ ਬਣਾਉਣ ਵਿਚ ਮਦਦ ਕਰਨਗੇ ਅਤੇ ਇਹ ਸੁਨਿਸ਼ਚਿਤ ਕਰਨਗੇ ਕਿ ਉਨ੍ਹਾਂ ਨੂੰ ਉਡਾਣ ਵਿਚ ਚੜ੍ਹਨ ਤੋਂ ਬਾਅਦ ਲੰਬੇ ਸਮੇਂ ਤੱਕ ਨਹੀਂ ਬੈਠਣਾ ਪਵੇਗਾ। 

ਲੰਬੀ ਦੇਰੀ ਅਤੇ ਹੋਰ ਐਮਰਜੈਂਸੀ ਦੀ ਸਥਿਤੀ ਵਿਚ, ਯਾਤਰੀਆਂ ਨੂੰ ਸਬੰਧਤ ਹਵਾਈ ਅੱਡੇ ਦੇ ਰਵਾਨਗੀ ਗੇਟ ਤੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਜਾਵੇਗੀ। ਯਾਤਰੀਆਂ ਨੂੰ ਉਤਾਰਨ ਦਾ ਫੈਸਲਾ ਸਬੰਧਤ ਏਅਰਲਾਈਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਲਿਆ ਜਾਵੇਗਾ। ਹਸਨ ਨੇ ਬੀਸੀਏਐਸ ਦੇ 38ਵੇਂ ਸਥਾਪਨਾ ਦਿਵਸ ਸਮਾਰੋਹ 'ਚ ਪੱਤਰਕਾਰਾਂ ਨੂੰ ਕਿਹਾ ਕਿ ਹਵਾਈ ਅੱਡੇ ਦੇ ਸੰਚਾਲਕਾਂ ਨੂੰ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸੁਰੱਖਿਆ ਜਾਂਚ ਸਮੇਤ ਬੁਨਿਆਦੀ ਢਾਂਚਾ ਤਿਆਰ ਕਰਨਾ ਹੋਵੇਗਾ। '' 

ਇਸ ਤੋਂ ਪਹਿਲਾਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਹਸਨ ਨੇ ਕਿਹਾ ਕਿ ਹਵਾਈ ਅੱਡਿਆਂ 'ਤੇ ਭੀੜ 'ਅਣਚਾਹੀ' ਹੈ ਅਤੇ ਬੀਸੀਏਐਸ ਨੇ ਇਸ ਮੁੱਦੇ ਨਾਲ ਨਜਿੱਠਣ ਲਈ ਲੋੜੀਂਦੇ ਮਾਪਦੰਡ ਅਤੇ ਸਾਧਨ ਵਿਕਸਿਤ ਕੀਤੇ ਹਨ। ਹਵਾਈ ਅੱਡਿਆਂ 'ਤੇ ਸਮਾਰਟ ਸੁਰੱਖਿਆ ਲੇਨ ਵੀ ਸਥਾਪਤ ਕੀਤੀਆਂ ਜਾਣਗੀਆਂ। ਦੇਸ਼ ਵਿਚ ਘਰੇਲੂ ਹਵਾਈ ਆਵਾਜਾਈ ਤੇਜ਼ੀ ਨਾਲ ਵਧ ਰਹੀ ਹੈ ਅਤੇ ਹਰ ਰੋਜ਼ ਲਗਭਗ 3,500 ਉਡਾਣਾਂ ਚਲਾਈਆਂ ਜਾਂਦੀਆਂ ਹਨ। ਬੀਸੀਏਐਸ ਅਤੇ ਹੋਰ ਅਧਿਕਾਰੀਆਂ ਨੇ ਹਵਾਈ ਆਵਾਜਾਈ ਵਿੱਚ ਵਾਧੇ ਦੇ ਵਿਚਕਾਰ ਹਵਾਈ ਅੱਡਿਆਂ 'ਤੇ ਭੀੜ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਹਨ।