Delhi News: ਦਿੱਲੀ ’ਚ 84 ਕਤਲੇਆਮ ਯਤੀਮਾਂ ਦੇ ‘ਮਸੀਹਾ’ ਵਜੋਂ ਜਾਣੇ ਜਾਂਦੇ ਕੁਲਬੀਰ ਸਿੰਘ ਨਹੀਂ ਰਹੇ
800 ਯਤੀਮ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਉਣ ਤੋਂ ਸੰਗੀਤ ਅਧਿਆਪਕ ਬਣਾਉਣ, ਫਿਰ ਸਰਕਾਰੀ ਨੌਕਰੀਆਂ ਦਿਵਾਉਣ ਲਈ ਸੰਘਰਸ਼ ਛ ਡਟੇ ਰਹੇ
Delhi News: ਦਿੱਲੀ ਵਿਚ ਨਵੰਬਰ 1984 ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਵਿਧਵਾਂ ਬੀਬੀਆਂ ਤੇ ਬੱਚਿਾਂ ਲਈ ਮਸੀਹਾ ਵਜੋਂ ਜਾਣੇ ਜਾਂਦੇ 75 ਸਾਲਾ ਕੁਲਬੀਰ ਸਿੰਘ ਨਹੀਂ ਰਹੇ।
ਨਵੰਬਰ 1984 ਕਤਲੇਆਮ ਪਿਛੋ ਉਨ੍ਹਾਂ ਆਪਣੇ ਸਾਥੀਆਂ ਮਾਸਟਰ ਹਰਬੰਸ ਸਿੰਘ ਤੇ ਹੋਰਨਾ ਨਾਲ 84 ਵਿਚ ਯਤੀਮ ਹੋਏ 800 ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦਾ ਬਿਖੜਾ ਕਾਰਜ ਅਰੰਭਿਆ ਤੇ ਅੱਜ ਉਨ੍ਹਾਂ ਦੀ ਬਦੌਲਤ ਕਈ ਬੱਚੇ ਸੰਗੀਤ ਮਾਸਟਰ ਵਜੋਂ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਹਨ ਤੇ ਕਈ ਹੋਰ ਸਵੈਮਾਣ ਵਾਲੀਆਂ ਨੌਕਰੀਆਂ ਕਰ ਰਹੇ ਹਨ।
ਸੰਨ 2005 ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਰਲੀਮੈਂਟ ਵਿਚ ਨਾਨਾਵਤੀਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਕਰਦੇ ਹੋਏ 84 ਦੇ ਨੌਜਵਾਨਾਂ ਦੇ ਮੁੜ ਵਸੇਬੇ ਅਧੀਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਸੀ। ਇਸ ਪਿਛੋਂ ਮਰਹੂਮ ਕੁਲਬੀਰ ਸਿੰਘ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਲਈ ਚੁੱਪ-ਚਾਪ ਸਰਕਾਰੇ ਦਰਬਾਰੇ ਸੰਘਰਸ਼ ਹੀ ਨਹੀਂ ਕਰਦੇ ਰਹੇ, ਸਗੋਂ ਵਕੀਲਾਂ ਨੂੰ ਸਹਿਯੋਗ ਕਰਨ ਦੇ ਨਾਲ ਸਮਾਜ ਭਲਾਈ ਦੇ ਕਾਰਜਾਂ ਲਈ ਸਰਗਰਮ ਰਹੇ।
48 ਕਤਲੇਆਮ ਪਿਛੋਂ ਦਿੱਲੀ ਵਿਚ ਲੱਗੇ ਰਾਹਤ ਕੈਂਪਾਂ ਵਿਚਕਾਰ ਕੁਲਬੀਰ ਸਿੰਘ, ਤਿਲਕ ਨਗਰ ਦੇ 20 ਬਲਾਕ ਗੁਰਦੁਆਰੇ ਵਿਖੇ ਆਪਣਾ ਟਾਈਪ ਰਾਈਟਰ ਲੈ ਗਏ ਸਨ ਤੇ ਉਥੇ ਵਕੀਲ ਬੁਟਾਲੀਆ ਨਾਲ ਸਲਾਹ ਕਰ ਕੇ, ਉਨ੍ਹਾਂ ਮਾਰੇ ਗਏ ਸਿੱਖਾਂ ਦੇ ਵੇਰਵੇ ਦਰਜ ਕਰਨ ਲਈ ਇੱਕ ਵੇਰਵਾ ਪਰਚਾ ਬਣਾ ਲਿਆ ਸੀ, ਜਿਸ ਆਧਾਰ ਉੱਤੇ ਅੱਗੇ ਐਫ਼.ਆਈ.ਆਰ ਦਰਜ ਹੋਈਆਂ।
1 ਜੁਲਾਈ 1949 ਨੂੰ ਪਿਤਾ ਜਸਵੰਤ ਸਿੰਘ ਦੇ ਮਾਤਾ ਬਸੰਤ ਕੌਰ ਦੇ ਘਰ ਆਗਰਾ ਵਿਖੇ ਜਨਮੇ ਕੁਲਬੀਰ ਸਿੰਘ, ਦਿੱਲੀ ਆਉਣ ਪਿਛੋਂ ਤਿਲਕ ਨਗਰ ਦੇ ਸਰਕਾਰੀ ਸਕੂਲ ਨੰਬਰ-2ਤੋਂ ਹਾਇਰ ਸੈਕੰਡਰੀ ਪਾਸ ਕਰ ਗਏ। ਮਗਰੋਂ 19 ਸਾਲ ਦੀ ਉਮਰ ਵਿਚ ਦਿੱਲੀ ਫ਼ਾਇਰ ਸਰਵਿਸਿਜ਼ ਵਿਚ ਭਰਤੀ ਹੋ ਗਏ ਸਨ। ਫਿਰ ਹਿੰਦੀ ਸਟੈਨੋ ਟਾਈਪਿਸਟ ਬਣੇ। ਬੀਏ ਤਕ ਦੀ ਉਚੇਰੀ ਪੜ੍ਹਾਈ ਕਰਨ ਦੇ ਨਾਲ-ਨਾਲ ਉਨ੍ਹਾਂ ਯੂਪੀਐਸਸੀ ਦਾ ਇਮਤਿਹਾਨ ਪਾਸ ਕਰ ਕੇ, ਹੋਰ ਤਰੱਕੀ ਲੈ ਲਈ। ਕੁਲ 41 ਸਾਲ ਦੀ ਸਰਕਾਰੀ ਨੌਕਰੀ ਪੂਰੀ ਕਰ ਕੇ, ਉਹ ਰੱਖਿਆ ਮੰਤਰਾਲੇ ਤੋਂ ਪਹਿਲੇ ਦਰਜੇ ਦੇ ਅਫ਼ਸਰ ਵਜੋਂ ਅੱਜ ਤੋਂ 15 ਸਾਲ ਪਹਿਲਾਂ ਸੇਵਾਮੁਕਤਹੋਏ ਸਨ, ਿਸ ਪਿਛੋਂ ਵੀ ਉਹ 84 ਦੇ ਉਜਾੜੇ ਦੀ ਮਾਰ ਝੱਲ ਰਹੇ ਪਰਵਾਰਾਂ ਦੀ ਭਲਾਈ ਲਈ ਡੱਟੇ ਰਹੇ।
ਪ੍ਰਪਾਤ ਵੇਰਵਿਆਂ ਮੁਤਾਬਕ 84 ਪਿਛੋਂ ਤਿਲਕ ਵਿਹਾਰ ਵਿਖੇ ਪਹਿਲਾ ਪੰਜਾਬੀ ਮਾਧਿਅਮ ਪ੍ਰਾਇਮਰੀ ਸਕੂਲ ਖੁਲ੍ਹਵਾਉਣ ਵਿਚ ਉਨ੍ਹਾਂ ਦਾ ਅਹਿਮ ਰੋਲ ਸੀ।
ਜਵਾਨੀ ਵੇਲੇ ਤੋਂ ਉਹ ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌਂਸਿਲ ਸੰਸਥਾ, ਦਿੱਲੀ ਦੇ ਮੋਢੀ ਮੈਂਬਰ ਹੋਣ ਦੇ ਨਾਲ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਨਾਲ ਜੁੜੇ ਰਹੇ ਤੇ ਕਾਲਜ ਦੀਆਂ ਗੁਰਮਤਿ ਕਿਤਾਬਾਂ ਦੇ ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦ ਦੇ ਕਾਰਜ ਕਰਨ ਕਰ ਕੇ ਕੁਲਬੀਰ ਸਿੰਘ ਹਿੰਦੀ ਸਿੰਘ ਵਜੋਂ ਵੀ ਪ੍ਰਸਿੱਧ ਹੋ ਗਏ।
ਉਨ੍ਹਾਂ ਦੇ ਪੁੱਤਰ ਅੰਮ੍ਰਿਤ ਪਾਹੁਲ ਸਿੰਘ ਮੁਤਾਬਕ ਇੱਥੋਂ ਦੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲਅਰੀ ਸਿਇੰਸਿਜ਼, ਵਸੰਤ ਕੁੰਜ ਵਿਖੇ ਉਨ੍ਹਾਂ ਐਤਵਾਰ ਦੁਪਹਿਰ 2 ਕੁ ਵਜੇ ਅੰਤਿਮ ਸਾਹ ਲਏ।
ਇੱਥੇ ਉਹ ਪਿਛਲੇ 11 ਦਿਨਾਂ ਤੋਂ ਦਾਖ਼ਲ ਸਨ। ਇੱਥੋ ਹੀ ਉਹ ਇੱਕ ਸਾਲ ਤੋਂ ਲਿਵਰ ਦੀ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ। ਸੋਮਵਾਰ ਸਵੇਰੇ ਇੱਥੋਂ ਦੇ ਤਿਲਕ ਵਿਹਾਰ ਦੇ ਸ਼ਮਸ਼ਾਨ ਘਾਟ ਵਿਖੇ ਮਰਹੂਮ ਕੁਲਬੀਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ ਪਿਛੇ ਧੀ-ਜਵਾਈ ਤੇ ਪੁੱਤਰ-ਨੂੰਹ ਵਾਲਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ।