ਕਾਂਗਰਸ ਨੇ 'ਕਤਲ 'ਚ ਸੌਖ' ਸਭਿਆਚਾਰ ਦੀ ਸ਼ੁਰੂਆਤ ਕੀਤੀ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਨੂੰ ਕਾਗ਼ਜ਼ ਪੜ੍ਹੇ ਬਿਨਾਂ 15 ਮਿੰਟ ਬੋਲ ਕੇ ਵਿਖਾਉਣ ਦੀ ਚੁਨੌਤੀ

Narendra Modi

ਸੰਤੇਮਰਨਾਹਲੀ/ਉਡੁਪੀ (ਕਰਨਾਟਕ), 1 ਮਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਅੱਜ ਅਪਣੇ ਪ੍ਰਚਾਰ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਸਰਕਾਰ 'ਤੇ 'ਕਤਲ 'ਚ ਸੌਖ' ਦਾ ਸਭਿਆਚਾਰ ਸ਼ੁਰੂ ਕਰਨ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ।ਉਨ੍ਹਾਂ ਕੇਂਦਰ 'ਚ ਸੱਤਾਧਾਰੀ ਰਹੀਆਂ ਵੱਖੋ-ਵੱਖ ਕਾਂਗਰਸ ਸਰਕਾਰਾਂ 'ਤੇ ਕੁੱਝ ਲੋਕਾਂ ਨੂੰ ਬੈਂਕਾਂ ਦੀ 'ਲੁੱਟ' ਕਰਨ ਅਤੇ ਗ਼ਰੀਬਾਂ ਨੂੰ ਕਰਜ਼ਾ ਮੁਹਈਆ ਨਾ ਕਰਵਾਉਣ ਦਾ ਵੀ ਦੋਸ਼ ਲਾਇਆ।ਉਨ੍ਹਾਂ ਦਾਅਵਾ ਕੀਤਾ ਕਿ ਕਰਨਾਟਕ 'ਚ ਕਾਂਗਰਸ ਸਰਕਾਰ ਦੇ ਦੌਰਾਨ ਸਿਆਸੀ ਹਿੰਸਾ 'ਚ ਦੋ ਦਰਜਨ ਤੋਂ ਜ਼ਿਆਦਾ ਭਾਜਪਾ ਕਾਰਕੁਨ ਮਾਰੇ ਗਏ। ਉਨ੍ਹਾਂ ਕਿਹਾ, ''ਉਨ੍ਹਾਂ ਦਾ ਕੀ ਕਸੂਰ ਸੀ? ਅਜਿਹਾ ਇਸ ਲਈ ਹੋਇਆ ਕਿਉਂਕਿ ਉਹ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਸਨ, ਉਨ੍ਹਾਂ ਕਰਨਾਟਕ ਦੇ ਲੋਕਾਂ ਲਈ ਆਵਾਜ਼ ਚੁੱਕੀ। ਅਸੀਂ ਵਪਾਰ ਕਰਨ 'ਚ ਸੌਖ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਕਰਦੇ ਹਾਂ ਪਰ ਕਾਂਗਰਸ ਨੇ ਕਤਲ 'ਚ ਸੌਖ ਦਾ ਸਭਿਆਚਾਰ ਸ਼ੁਰੂ ਕੀਤਾ ਹੈ।'' ਪ੍ਰਧਾਨ ਮੰਤਰੀ ਨੇ ਕਾਂਗਰਸ ਪ੍ਰਧਾਨ 'ਤੇ ਅੱਜ ਵੀ ਚੁਤਰਫ਼ਾ ਹਮਲਾ ਕੀਤਾ ਅਤੇ ਕਿਹਾ ਕਿ ਕਰਨਾਟਕ ਦੀ ਸਿੱਧਰਮਈਆ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਉਹ ਕਾਗ਼ਜ਼ ਤੋਂ ਵੇਖੇ ਬਗ਼ੈਰ 15 ਮਿੰਟ ਹੀ ਬੋਲ ਕੇ ਵਿਖਾ ਦੇਣ। ਉਨ੍ਹਾਂ ਚਾਮਰਾਜਨਗਰ ਜ਼ਿਲ੍ਹੇ ਦੇ ਸੰਤੇਮਰਨਾਹਲੀ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ''ਮੈਂ ਕਾਂਗਰਸ ਪ੍ਰਧਾਨ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਅਪਣੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਕਾਗਜ਼ ਦਾ ਟੁਕੜਾ ਪੜ੍ਹੇ ਬਿਨਾਂ ਕਰਨਾਟਕ ਵਿਚ ਹਿੰਦੀ, ਅੰਗਰੇਜ਼ੀ ਜਾਂ ਅਪਣੀ ਮਾਂ ਦੀ ਮਾਤ-ਭਾਸ਼ਾ ਵਿਚ 15 ਮਿੰਟ ਬੋਲ ਕੇ ਵਿਖਾਉਣ, ਕਰਨਾਟਕ ਦੇ ਲੋਕ ਖ਼ੁਦ ਨਤੀਜਾ ਕੱਢ ਲੈਣਗੇ।''ਮੋਦੀ ਇੱਥੇ ਰਾਹੁਲ ਗਾਂਧੀ ਦੀ ਉਸ ਚੁਨੌਤੀ ਦਾ ਜਵਾਬ ਦੇ ਰਹੇ ਸਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮੁੱਦਿਆਂ 'ਤੇ 15 ਮਿੰਟ ਲਈ ਸੰਸਦ ਵਿਚ ਬੋਲਣ ਦਿਤਾ ਜਾਵੇ ਤਾਂ ਪ੍ਰਧਾਨ ਮੰਤਰੀ 15 ਮਿੰਟ ਬੈਠ ਨਹੀਂ ਸਕਣਗੇ।

ਮੋਦੀ ਨੇ ਕਿਹਾ ਕਿ 15 ਮਿੰਟ ਉਨ੍ਹਾਂ ਦਾ ਬੋਲਣਾ ਅਪਣੇ ਆਪ ਵਿਚ ਵੱਡੀ ਚੀਜ਼ ਹੋਵੇਗਾ ਅਤੇ ਜਦੋਂ ਮੈਂ ਸੁਣਦਾ ਹਾਂ ਕਿ ਮੈਂ ਬੈਠ ਨਹੀਂ ਸਕਾਂਗਾ। ਉਨ੍ਹਾਂ ਮਜ਼ਾਕ ਉਡਾਉਂਦਿਆਂ ਕਿਹਾ, ''ਕਾਂਗਰਸ ਪ੍ਰਧਾਨ ਸਰ, ਅਸੀਂ ਤੁਹਾਡੇ ਸਾਹਮਣੇ ਨਹੀਂ ਬੈਠ ਸਕਦੇ। ਤੁਸੀਂ ਇਕ ਨਾਮਦਾਰ ਹੋ, ਜਦਕਿ ਮੈਂ ਕਾਮਦਾਰ ਹਾਂ। ਤੁਹਾਡੇ ਸਾਹਮਣੇ ਬੈਠਣ ਦੀ ਸਾਡੀ ਕੋਈ ਹੈਸੀਅਤ ਨਹੀਂ।'' ਰਾਹੁਲ ਗਾਂਧੀ ਨੂੰ ਲੰਮੇ ਹੱਥੀਂ  ਲੈਂਦਿਆਂ ਮੋਦੀ ਨੇ ਉਨ੍ਹਾਂ ਨੂੰ ਵਿਸ਼ਵੇਸ਼ਰਈਆ ਦਾ ਨਾਂ ਪੰਜ ਵਾਰੀ ਬੋਲ ਕੇ ਵਿਖਾਉਣ ਦੀ ਚੁਨੌਤੀ ਦਿਤੀ। ਵਿਸ਼ਵੇਸ਼ਰਈਆ ਮਸ਼ਹੂਰ ਇੰਜੀਨੀਅਰ ਵਿਦਵਾਨ ਸਨ ਅਤੇ ਇਕ ਚੋਣ ਰੈਲੀ 'ਚ ਰਾਹੁਲ ਨੇ ਉਨ੍ਹਾਂ ਦਾ ਨਾਂ ਬੋਲਣ 'ਚ ਲੜਖੜਾ ਗਏ ਸਨ। ਇਸ ਭਾਸ਼ਣ ਦਾ ਵੀਡੀਉ ਇੰਟਰਨੈੱਟ ਰਾਹੀਂ ਬਹੁਤ ਫੈਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸੂਬੇ ਵਿਚ ਅਪਣੀਆਂ 15 ਰੈਲੀਆਂ ਵਿਚੋਂ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਸੂਬੇ ਵਿਚ ਭਾਜਪਾ ਦੇ ਪੱਖ ਵਿਚ ਕੋਈ ਆਮ ਲਹਿਰ ਨਹੀਂ, ਬਲਕਿ ਤੂਫ਼ਾਨੀ ਲਹਿਰ ਚੱਲ ਰਹੀ ਹੈ। ਮਈ ਦਿਵਸ ਦੇ ਮੌਕੇ 'ਤੇ ਕਾਮਿਆਂ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਹਿਤ ਹੋਏ ਪਿੰਡਾਂ ਦੇ 100 ਫ਼ੀ ਸਦ ਬਿਜਲੀਕਰਨ ਵਿਚ ਕਾਮਿਆਂ ਦੇ ਯੋਗਦਾਨ ਨੂੰ ਰਾਹੁਲ ਗਾਂਧੀ ਮਾਨਤਾ ਨਹੀਂ ਦੇ ਰਹੇ ਹਨ। ਮੋਦੀ ਨੇ ਕਿਹਾ ਕਿ 28 ਅਪ੍ਰੈਲ ਦਾ ਦਿਨ ਦੇਸ਼ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਕਿਉਂਕਿ ਸਾਡੇ ਮਿਹਨਤੀ ਲੋਕਾਂ ਨੇ ਮਣੀਪੁਰ ਸਥਿਤ ਬਿਜਲੀ ਰਹਿਤ ਆਖ਼ਰੀ ਪਿੰਡ ਲੀਸਾਂਗ ਤਕ ਵੀ ਬਿਜਲੀ ਪਹੁੰਚਾ ਦਿਤੀ। ਉਨ੍ਹਾਂ ਕਿਹਾ ਕਿ ਪਰ ਕਾਂਗਰਸ ਦੇ ਨਵੇਂ ਨੇਤਾ ਇਸ ਨੂੰ ਸੰਭਵ ਬਣਾਉਣ ਵਾਲੇ ਕਾਮਿਆਂ ਦੀ ਸਿਫ਼ਤ ਵਿਚ ਦੋ ਸ਼ਬਦ ਵੀ ਨਹੀਂ ਆਖੇ। (ਪੀਟੀਆਈ)