ਯੂਪੀ ਦੇ ਸੀਤਾਪੁਰ 'ਚ ਆਦਮਖ਼ੋਰ ਕੁੱਤਿਆਂ ਨੇ ਨੋਚ-ਨੋਚ ਕੇ ਖਾਧੇ ਦੋ ਮਾਸੂਮ ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਜ਼ਿਲ੍ਹੇ ਦੇ ਖੈਰਾਬਾਦ ਥਾਣਾ ਖੇਤਰ ਵਿਚ ਪੈਂਦੇ ਦੋ ਪਿੰਡਾਂ ਵਿਚ ...

dog bites 2 child in sitapur uttar pradesh

ਸੀਤਾਪੁਰ : ਉਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਜ਼ਿਲ੍ਹੇ ਦੇ ਖੈਰਾਬਾਦ ਥਾਣਾ ਖੇਤਰ ਵਿਚ ਪੈਂਦੇ ਦੋ ਪਿੰਡਾਂ ਵਿਚ ਮੰਗਲਵਾਰ ਸਵੇਰੇ ਦੋ ਬੱਚਿਆਂ ਨੂੰ ਆਦਮਖ਼ੋਰ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿਤਾ।

ਪਹਿਲੀ ਘਟਨਾ ਸਵੇਰੇ ਛੇ ਵਜੇ ਥਾਣਾ ਖੇਤਰ ਟਿਕਰੀਆ ਪਿੰਡ ਵਿਚ ਵਾਪਰੀ। ਪਿੰਡ ਦੇ ਇਕ ਵਾਸੀ ਕੈਲਾਸ਼ ਨਾਥ ਦੀ 11 ਸਾਲਾ ਬੇਟੀ ਨੂੰ ਬਾ਼ਗ ਵਿਚ ਜਾਂਦੇ ਸਮੇਂ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ। ਬੱਚੀ ਦਾ ਰੌਲਾ ਸੁਣ ਕੇ ਜਦੋਂ ਲੋਕ ਪਹੁੰਚੇ ਤਾਂ ਕੁੱਤੇ ਉਥੋਂ ਭੱਜ ਗਏ ਪਰ ਉਦੋਂ ਤਕ ਕੁੱਤਿਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ ਸੀ ਅਤੇ ਥੋੜ੍ਹੀ ਦੇਰ ਬਾਅਦ ਬੱਚੀ ਨੇ ਦਮ ਤੋੜ ਦਿਤਾ। 

ਦੂਜੀ ਘਟਨਾ ਇਸੇ ਥਾਣਾ ਖੇਤਰ ਦੇ ਗੁਰਪਲੀਆ ਪਿੰਡ ਵਿਚ ਵਾਪਰੀ, ਜਿੱਥੇ ਸਵੇਰੇ ਸਾਢੇ ਛੇ ਵਜੇ ਆਬਿਦ ਅਲੀ ਦਾ 12 ਸਾਲਾਂ ਦਾ ਬੇਟਾ ਖ਼ਾਲਿਦ ਅੰਬਾਂ ਦੇ ਬਾਗ਼ ਵਿਚ ਜਾ ਰਿਹਾ ਸੀ। ਇਸੇ ਦੌਰਾਨ ਆਦਮਖ਼ੋਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਵੱਢਣਾ ਸ਼ੁਰੂ ਕਰ ਦਿਤਾ। ਖ਼ਾਲਿਦ ਦਾ ਰੌਲਾ ਸੁਣ ਕੇ ਕੁੱਝ ਲੋਕ ਉਸ ਵੱਲ ਦੌੜੇ ਪਰ ਉਦੋਂ ਤਕ ਖ਼ਾਲਿਦ ਦੀ ਮੌਤ ਹੋ ਚੁੱਕੀ ਸੀ। 

ਦਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਪਿੰਡ ਦੇ ਰਹਿਣ ਵਾਲੇ ਮੋਬੀਨ ਦੇ 12 ਸਾਲਾਂ ਦੇ ਬੇਟੇ ਰਹੀਮ ਨੂੰ ਵੀ ਕੁੱਤਿਆਂ ਨੇ ਨੋਚ ਕੇ ਮੌਤ ਦੇ ਘਾਟ ਉਤਾਰ ਦਿਤਾ ਸੀ। ਇਕੱਲੇ ਖ਼ੈਰਾਬਾਦ ਥਾਣਾ ਖੇਤਰ ਵਿਚ ਚਾਰ ਮਹੀਨਿਆਂ ਦੌਰਾਨ 14 ਬੱਚਿਆਂ ਨੂੰ ਆਦਮਖ਼ੋਰ ਕੁੱਤੇ ਮੌਤ ਦੇ ਘਾਟ ਉਤਾਰ ਚੁੱਕੇ ਹਨ ਅਤੇ 100 ਤੋਂ ਜ਼ਿਆਦਾ ਲੋਕਾਂ ਨੂੰ ਜ਼ਖ਼ਮੀ ਕਰ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਵੀ ਇਸ ਦੀ ਰੋਕਥਾਮ ਲਈ ਕੋਈ ਠੋਸ ਕਦਮ ਨਹੀਂ ਉਠਾਏ ਜਾ ਰਹੇ।