ਨਵੇਂ ਉਪ ਮੁੱਖ ਮੰਤਰੀ ਨੇ ਕਠੂਆ ਕਾਂਡ ਨੂੰ ਛੋਟੀ-ਮੋਟੀ ਘਟਨਾ ਦਸਿਆ
ਇਸ ਬਿਆਨ ਦੀ ਵਿਰੋਧੀ ਪਾਰਟੀਆਂ ਨੇ ਤੁਰਤ ਆਲੋਚਨਾ ਕੀਤੀ ਜਿਸ ਤੋਂ ਬਾਅਦ ਗੁਪਤਾ ਨੂੰ ਸਪੱਸ਼ਟੀਕਰਨ ਵੀ ਜਾਰੀ ਕਰਨਾ ਪਿਆ।
ਜੰਮੂ, 30 ਅਪ੍ਰੈਲ: ਜੰਮੂ-ਕਸ਼ਮੀਰ ਦੇ ਉਪ-ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਕੁੱਝ ਘੰਟੇ ਬਾਅਦ ਕਵਿੰਦਰ ਗੁਪਤਾ ਨੇ ਅੱਜ ਇਹ ਕਹਿ ਕੇ ਵਿਵਾਦ ਪੈਦਾ ਕਰ ਦਿਤਾ ਕਿ ਦੇਸ਼ ਭਰ 'ਚ ਗੁੱਸੇ ਦੀ ਲਹਿਰ ਫੈਲਾ ਦੇਣ ਵਾਲਾ ਕਠੂਆ ਬਲਾਤਕਾਰ ਅਤੇ ਕਤਲ ਕਾਂਡ 'ਛੋਟੀ-ਮੋਟੀ' ਘਟਨਾ ਹੈ ਜਿਸ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਇਸ ਬਿਆਨ ਦੀ ਵਿਰੋਧੀ ਪਾਰਟੀਆਂ ਨੇ ਤੁਰਤ ਆਲੋਚਨਾ ਕੀਤੀ ਜਿਸ ਤੋਂ ਬਾਅਦ ਗੁਪਤਾ ਨੂੰ ਸਪੱਸ਼ਟੀਕਰਨ ਵੀ ਜਾਰੀ ਕਰਨਾ ਪਿਆ। ਗਾਂਧੀਨਗਰ ਸੀਟ ਤੋਂ ਵਿਧਾਇਕ 59 ਸਾਲ ਦੇ ਗੁਪਤਾ ਨੇ ਕਿਹਾ, ''ਇਹ ਛੋਟੀ ਚੀਜ਼ ਹੈ। ਸਾਨੂੰ ਇਸ ਬਾਰੇ ਵਿਚਾਰ ਕਰਨਾ ਹੋਵੇਗਾ ਤਾਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।'' ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਸੱਤਾਧਾਰੀ ਗਠਜੋੜ ਕਠੂਆ ਬਲਾਤਕਾਰ ਅਤੇ ਕਤਲ ਕਾਂਡ 'ਚ ਦਬਾਅ ਹੇਠ ਹੈ।
ਗੁਪਤਾ ਨੇ ਕਿਹਾ ਕਿ ਅਜਿਹੀਆਂ ਚੁਨੌਤੀਆਂ ਦਾ ਸਰਕਾਰ ਸਾਹਮਣਾ ਕਰਦੀ ਹੈ ਅਤੇ ਇਸ ਨੂੰ ਏਨਾ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਸੀ। ਅਪਣੇ ਇਸ ਬਿਆਨ ਦੀ ਨਿੰਦਾ ਹੋਣ ਮਗਰੋਂ ਗੁਪਤਾ ਨੇ ਸਪੱਸ਼ਟੀਕਰਨ ਜਾਰੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਮਤਲਬ ਸੀ ਕਿ ਕਠੂਆ ਕਾਂਡ ਅਦਾਲਤ ਦੇ ਸਾਹਮਣੇ ਵਿਚਾਰਅਧੀਨ ਹੈ। ਨੈਸ਼ਨਲ ਕਾਨਫ਼ਰੰਸ ਦੇ ਜੰਮੂ ਸੂਬੇ ਦੇ ਪ੍ਰਧਾਨ ਅਤੇ ਵਿਧਾਇਕ ਦਵਿੰਦਰ ਸਿੰਘ ਰਾਣਾ ਨੇ ਇਹ ਕਹਿੰਦਿਆਂ ਗੁਪਤਾ ਦੇ ਬਿਆਨ ਦੀ ਨਿੰਦਾ ਕੀਤੀ ਕਿ ਇਸ ਨਾਲ ਘਿਨਾਉਣੇ ਜੁਰਮ ਪ੍ਰਤੀ ਅਸੰਵੇਦਨਸ਼ੀਲਤਾ ਦਿਸਦੀ ਹੈ। ਉਨ੍ਹਾਂ ਕਿਹਾ ਕਿ ਇਹ ਸੱਤਾਧਾਰੀ ਪਾਰਟੀ ਦੀ ਮਾਨਸਿਕਤਾ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਹੈ। (ਪੀਟੀਆਈ)