ਬਾਰਾਮੂਲਾ 'ਚ ਅਤਿਵਾਦੀਆਂ ਵਲੋਂ ਤਿੰਨ ਨੌਜਵਾਨਾਂ ਦੀ ਹੱਤਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪੁਰਾਣੇ ਟਾਊਨ ਇਲਾਕੇ ਵਿਚ ਲਸ਼ਕਰ ਏ ਤੋਇਬਾ ਦੇ ਅਤਿਵਾਦੀਆਂ ਨੇ ਦੇਰ ਰਾਤ ਤਿੰਨ ਨੌਜਵਾਨਾਂ ਦੀ ਗੋਲੀ ...

Three youths killed by militants in Baramulla

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪੁਰਾਣੇ ਟਾਊਨ ਇਲਾਕੇ ਵਿਚ ਲਸ਼ਕਰ ਏ ਤੋਇਬਾ ਦੇ ਅਤਿਵਾਦੀਆਂ ਨੇ ਦੇਰ ਰਾਤ ਤਿੰਨ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਅਤਿਵਾਦੀਆਂ ਨੇ ਪੁਰਾਣੇ ਟਾਊਨ ਦੀ ਇਕਬਾਲ ਮਾਰਕੀਟ ਇਲਾਕੇ ਵਿਚ ਉਨ੍ਹਾਂ ਨੂੰ ਨੇੜਿਉਂ ਗੋਲੀਆਂ ਮਾਰੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਅਸਗਰ, ਆਸਿਫ਼ ਅਹਿਮਦ ਸ਼ੇਖ਼ ਅਤੇ ਹਸੀਬ ਅਹਿਮਦ ਖ਼ਾਨ ਦੇ ਰੂਪ ਵਿਚ ਹੋਈ ਹੈ। ਸਾਰੇ ਬਾਰਾਮੂਲਾ ਦੇ ਕੱਕੜ ਹਮਾਮ ਦੇ ਰਹਿਣ ਵਾਲੇ ਸਨ। ਇਨ੍ਹਾਂ ਸਾਰਿਆਂ ਦੀ ਉਮਰ 20 ਸਾਲ ਦੇ ਆਸਪਾਸ ਸੀ। ਪੁਲਿਸ ਨੇ ਦਸਿਆ ਕਿ ਅਤਿਵਾਦੀਆਂ ਨੇ ਉਨ੍ਹਾਂ 'ਤੇ 15 ਗੋਲੀਆਂ ਚਲਾਈਆਂ। ਉਖ਼ਹ ਕਿਸੇ ਵੀ ਸਿਆਸੀ ਗਤੀਵਿਧੀ ਵਿਚ ਸ਼ਾਮਲ ਨਹੀਂ ਸਨ ਜਾਂ ਖ਼ੁਫ਼ੀਆ ਏਜੰਸੀਆਂ ਦੇ ਨਾਲ ਜੁੜੇ ਹੋਏ ਨਹੀਂ ਸਨ। 

ਬੁਲਾਰੇ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਸ ਹਮਲੇ ਵਿਚ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਸ਼ਾਮਲ ਹੋਣ ਦਾ ਪਤਾ ਚਲਿਆ ਹੈ। ਪੁਲਿਸ ਮੁਖੀ ਐਸ ਪੀ ਵੈਦ ਨੇ ਹਮਲੇ ਨੂੰ ਘਿਨਾਉਣਾ ਅਤੇ ਅਣਮਨੁੱਖੀ ਕਰਾਰ ਦਿੰਦੇ ਹੋਏ ਕਿਹਾ ਕਿ ਅਪਰਾਧੀਆਂ ਦੇ ਮਾਮਲੇ ਵਿਚ ਜਲਦ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਨੇ ਦਸਿਆ ਕਿ ਇਸ ਮਾਮਲੇ ਵਿਚ ਇਕ ਪਾਕਿਸਤਾਨੀ ਅਤੇ ਪੁਰਾਣੇ ਟਾਊਨ ਦੇ ਦੋ ਸਥਾਨਕ ਅਤਿਵਾਦੀ ਮੁੱਖ ਸ਼ੱਕੀ ਹਨ ਅਤੇ ਉਹ ਲੋੜੀਂਦੇ ਹਨ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਨ੍ਹਾਂ ਨੌਜਵਾਨਾਂ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਰਾਮੂਲਾ ਵਿਚ ਅਤਿਵਾਦੀਆਂ ਵਲੋਂ ਨਾਗਰਿਕਾਂ ਦੀ ਹੱਤਿਆ ਦੀ ਖ਼ਬਰ ਸੁਣ ਕੇ ਪਰੇਸ਼ਾਨ ਹਾਂ। ਮ੍ਰਿਤਕਾਂ ਦੇ ਪਰਵਾਰਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। 

ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਇਹ ਦੇਖਣਾ ਚਾਹੁਣਗੇ ਕਿ ਤਿੰਨ ਨੌਜਵਾਨਾਂ ਦੀ ਘਿਨਾਉਣੇ ਤਰੀਕੇ ਨਾਲ ਹੱਤਿਆ 'ਤੇ ਵੱਖਵਾਦੀ ਨੇਤਾ ਕਿਵੇਂ ਪ੍ਰਤੀਕਿਰਿਆ ਦੇਣਗੇ। ਉਨ੍ਹਾਂ ਟਵੀਟ ਕੀਤਾ 'ਹੁਣ ਬਾਰਾਮੂਲਾ ਵਿਚ ਅਤਿਵਾਦੀਆਂ ਨੇ ਤਿੰਨ ਨਾਗਰਿਕਾਂ ਦਾ ਕਤਲ ਕਰ ਦਿਤਾ। ਮੈਂ ਦੇਖਣਾ ਚਾਹਾਂਗਾ ਕਿ ਵੱਖਵਾਦੀ ਨੇਤਾ ਨਿੰਦਾ ਕਰਨਗੇ ਜੋ ਉਹ ਅਕਸਰ ਉਦੋਂ ਕਰਦੇ ਹਨ ਜਦੋਂ ਸੁਰੱਖਿਆ ਬਲਾਂ ਵਲੋਂ ਨਾਗਰਿਕ ਮਾਰੇ ਜਾਂਦੇ ਹਨ।