ਮੱਧ ਪ੍ਰਦੇਸ਼ ਪੁਲਿਸ ਭਰਤੀ ਮਾਮਲਾ ਨੌਜਵਾਨਾਂ ਦੀ ਛਾਤੀ 'ਤੇ ਜਾਤ ਲਿਖਣ ਦੀ ਸਖ਼ਤ ਨਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਸੰਵਿਧਾਨ 'ਤੇ ਹਮਲਾ ਕਰ ਰਹੀ ਹੈ ਸਰਕਾਰ : ਰਾਹੁਲ   ਐਨ.ਸੀ.ਪੀ. ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਮੰਗੀ ਜਾਂਚ

Rahul Gandhi

ਨਵੀਂ ਦਿੱਲੀ, 30 ਅਪ੍ਰੈਲ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਵਲੋਂ ਪੁਲਿਸ ਭਰਤੀ ਦੇ ਉਮੀਦਵਾਰਾਂ ਦੀਆਂ ਛਾਤੀਆਂ 'ਤੇ ਜਾਤ ਸ਼੍ਰੇਣੀਆਂ ਲਿਖਣ ਦੀ ਘਟਨਾ ਦੀ ਅੱਜ ਕਾਂਗਰਸ, ਬਹੁਜਨ ਸਮਾਜ ਪਾਰਟੀ ਸਮੇਤ ਕਈ ਸਿਆਸੀ ਪਾਰਟੀਆਂ ਨੇ ਭਰਵੀਂ ਨਿੰਦਾ ਕੀਤੀ ਹੈ ਅਤੇ ਦੋਸ਼ ਲਾਇਆ ਕਿ ਇਹ ਭਾਜਪਾ ਦੇ 'ਜਾਤੀਵਾਦੀ ਰਵਈਏ' ਨੂੰ ਦਰਸਾਉਂਦਾ ਹੈ।ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਘਟਨਾ ਦੀ ਜਾਂਚ ਲਈ ਕਹਿੰਦਿਆਂ ਇਸ ਨੂੰ ਸ਼ਰਮਨਾਕ ਦਸਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਘਟਨਾ ਨੂੰ ਸੰਵਿਧਾਨ 'ਤੇ ਹਮਲਾ ਕਰਾਰ ਦਿਤਾ ਅਤੇ ਕਿਹਾ ਕਿ ਪਾਜਪਾ ਅਤੇ ਆਰ.ਐਸ.ਐਸ. ਦੀ ਦਲਿਤ ਵਿਰੋਧੀ ਸੋਚ ਨੂੰ ਉਨ੍ਹਾਂ ਦੀ ਪਾਰਟੀ ਹਰਾਏਗੀ।ਜਦਕਿ ਬਸਪਾ ਮੁਖੀ ਮਾਇਆਵਤੀ ਨੇ ਦੋਸ਼ ਲਾਇਆ ਕਿ 'ਅਪਰਾਧਕ ਕਰਤੂਤ' ਅਪਣੇ ਸਿਆਸੀ ਲਾਭ ਲਈ ਦਲਿਤਾਂ ਪ੍ਰਤੀ ਭਾਜਪਾ ਦੇ 'ਨਵੇਂ ਪਿਆਰ' ਦਾ ਨਵਾਂ ਅਤੇ ਤਾਜ਼ਾ ਉਦਾਹਰਣ ਹੈ। 

ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਭਾਜਪਾ ਸਰਕਾਰ ਦੇ ਜਾਤੀਵਾਦੀ ਰਵੱਈਏ ਨੂੰ ਦੇਸ਼ ਦੀ ਛਾਤੀ 'ਚ ਛੁਰਾ ਮਾਰਿਆ ਹੈ। ਰਾਹੁਲ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਨੌਜਵਾਨਾਂ ਦੀ ਛਾਤੀ 'ਤੇ ਐਸ.ਸੀ./ਐਸ.ਟੀ. ਲਿਖ ਕੇ ਦੇਸ਼ ਦੇ ਸੰਵਿਧਾਨ 'ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਅਤੇ ਆਰ.ਐਸ.ਐਸ. ਦੀ ਸੋਚ ਹੈ। ਇਹੀ ਸੋਚ ਕਦੇ ਦਲਿਤਾਂ ਦੇ ਗਲੇ ਵਿਚ ਹਾਂਡੀ ਟੰਗਵਾਉਂਦੀ ਸੀ, ਸਰੀਰ ਵਿਚ ਝਾੜੂ ਬੰਨ੍ਹਵਾਉਂਦੀ ਸੀ, ਮੰਦਰ ਵਿਚ ਦਾਖ਼ਲ ਨਹੀਂ ਸੀ ਹੋਣ ਦਿੰਦੀ। ਅਸੀਂ ਇਸ ਸੋਚ ਨੂੰ ਹਰਾਵਾਂਗੇ।ਜ਼ਿਕਰਯੋਗ ਹੈ ਕਿ ਧਾਰ ਜ਼ਿਲ੍ਹੇ 'ਚ ਮੈਡੀਕਲ ਜਾਂਚ ਦੌਰਾਨ ਕਤਾਰ 'ਚ ਲੱਗੇ ਉਮੀਦਵਾਰਾਂ ਦੀ ਛਾਤੀ 'ਤੇ ਐਸ.ਸੀ., ਐਸ.ਟੀ., ਜੀ (ਆਮ) ਅਤੇ ਓ.ਬੀ.ਸੀ. ਲਿਖੇ ਹੋਣ ਨੂੰ ਦਰਸਾਉਂਦੀ ਤਸਵੀਰ ਕਈ ਅਖ਼ਬਾਰਾਂ 'ਚ ਛਪਣ ਮਗਰੋਂ ਵਿਵਾਦ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੇ ਹੁਕਮ ਦਿਤੇ ਹਨ।  (ਏਜੰਸੀ)