ਕਿਸਾਨਾਂ ਨੂੰ ਸੁਸਤ ਬਣਾਉਂਦੀ ਹੈ ਕਰਜ਼ਾ ਮਾਫ਼ੀ: ਖੱਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੀਆਂ ਯੋਜਨਾਵਾਂ ਬੰਦ ਕਰ ਕੇ ਲਾਗੂ ਹੋ ਸਕਦੀ ਹੈ ਨਿਆਏ ਯੋਜਨਾ

Manohar Lal Khattar

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਕਰਜ਼ਾ ਮਾਫ਼ੀ ਕਿਸਾਨਾਂ ਨੂੰ ਸੁਸਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਕਿਸਾਨਾਂ ਲਈ ਕਰਜ਼ ਮਾਫ਼ੀ ਦੀ ਯੋਜਨਾ ਨਾ ਹੋਣ ਨਾਲ ਹਰਿਆਣਾ ਵਿਚ ਲੋਕ ਸਭਾ ਚੋਣਾਂ 'ਤੇ ਕੋਈ ਸਿਆਸੀ ਅਸਰ ਨਹੀਂ ਪਵੇਗਾ। ਹਰਿਆਣਾ ਵਿਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਖੱਟਰ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਨਿਆਏ ਯੋਜਨਾ ਲਈ ਵਖਰਾ ਬਜਟ ਨਹੀਂ ਹੋਵੇਗਾ ਅਤੇ ਸਾਰੀਆਂ ਯੋਜਨਾਵਾਂ ਨੂੰ ਬੰਦ ਕਰ ਕੇ ਹੀ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।

ਭਾਜਪਾ ਕੋਲ ਕਰਜ਼ ਮਾਫ਼ੀ ਯੋਜਨਾ ਨਾ ਹੋਣ ਨਾਲ ਕੋਈ ਨਕਾਰਾਤਮਕ ਅਸਰ ਨਹੀਂ ਪਵੇਗਾ। ਕਿਸਾਨ ਪਹਿਲਾਂ ਤੋਂ ਮਜ਼ਬੂਤ ਹੋਏ ਹਨ। ਭਾਜਪਾ ਨੇ ਕਰਜ਼ ਮਾਫ਼ੀ ਦੀ ਥਾਂ ਕਿਸਾਨਾਂ ਦੇ ਫ਼ਾਇਦੇ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਫ਼ਸਲਾਂ ਦੀਆਂ ਵੱਧ ਕੀਮਤਾਂ ਤੈਅ ਕੀਤੀਆਂ ਗਈਆਂ ਹਨ ਪਰ ਛੋਟ ਨਹੀਂ ਦਿਤੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨ ਅਪਣੀ ਆਰਥਕ ਗਿਰਾਵਟ ਦੇ ਕਾਰਨਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਕ ਵਾਰ ਜਦ ਲੋਕਾਂ ਨੂੰ ਕੁੱਝ ਮੁਫ਼ਤ ਵਿਚ ਮਿਲਣਾ ਸ਼ੁਰੂ ਹੁੰਦਾ ਹੈ ਤਾਂ ਉਹ ਸੁਸਤ ਪੈ ਜਾਂਦੇ ਹਨ। ਉਹ ਹਰ ਪਾਸੇ ਤੋਂ ਕਰਜ਼ ਲੈਂਦੇ ਹਨ ਪਰ ਵਿੱਤੀ ਪ੍ਰਬੰਧਨ ਕਰਨ ਵਿਚ ਅਸਫ਼ਲ ਰਹਿੰਦੇ ਹਨ।

ਅਜਿਹੀਆਂ ਯੋਜਨਾਵਾਂ ਕੁੱਝ ਸੂਬਿਆਂ ਵਿਚ ਸਥਿਤੀ ਅਨੁਸਾਰ ਕਿਸਾਨਾਂ ਲਈ ਫ਼ਾਇਦੇਮੰਦ ਹੋ ਸਕਦੀਆਂ ਹਨ ਪਰ ਹਰਿਆਣਾ ਵਿਚ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਹ ਨਹੀਂ ਦਸਿਆ ਕਿ ਨਿਆਏ ਯੋਜਨਾ ਲਾਗੂ ਕਰਨ ਲਈ ਇੰਨੀ ਜ਼ਿਆਦਾ ਰਕਮ ਦੀ ਪ੍ਰਬੰਧ ਕਿਵੇਂ ਕੀਤਾ ਜਾਵੇਗਾ। ਇਹ ਯੋਜਨਾ ਸਾਰੀਆਂ ਯੋਜਨਾਵਾਂ ਨੂੰ ਬੰਦ ਕਰ ਕੇ ਹੀ ਲਾਗੂ ਕੀਤੀ ਜਾ ਸਕਦੀ ਹੈ। ਰਾਸ਼ਟਰਵਾਦ 'ਤੇ ਛਿੜੀ ਬਹਿਸ ਲਈ ਖੱਟਰ ਨੇ ਵਿਰੋਧੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਰੋਧੀ ਧਿਰਾਂ ਨੇ ਅਤਿਵਾਦੀਆਂ ਦੀ ਭਾਸ਼ਾ ਬੋਲ ਕੇ ਅਤੇ ਪਾਕਿਸਤਾਨ ਦੇ ਸਮਰਥਨ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ।