ਰਾਜਸਥਾਨ ਤੋਂ ਪੰਜਾਬ ਆਏ ਲਗਭਗ 112 ਮਜ਼ਦੂਰ ਫ਼ਾਜ਼ਿਲਕਾ ਤੋਂ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੀ ਰਾਤ ਜੈਸਲਮੇਰ (ਰਾਜਸਥਾਨ) ਤੋਂ ਪੰਜਾਬ ਆਏ ਲਗਭਗ 112 ਮਜ਼ਦੂਰ ਹਨੇਰੀ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਏ। ਇਹ ਮਾਮਲਾ ਫ਼ਾਜ਼ਿਲਕਾ ਦਾ ਹੈ

File Photo

ਫ਼ਾਜ਼ਿਲਕਾ, 30 ਅਪ੍ਰੈਲ (ਅਨੇਜਾ): ਬੀਤੀ ਰਾਤ ਜੈਸਲਮੇਰ (ਰਾਜਸਥਾਨ) ਤੋਂ ਪੰਜਾਬ ਆਏ ਲਗਭਗ 112 ਮਜ਼ਦੂਰ ਹਨੇਰੀ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਏ। ਇਹ ਮਾਮਲਾ ਫ਼ਾਜ਼ਿਲਕਾ ਦਾ ਹੈ ਜਿਥੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਨ ਗੁਆਂਢੀ ਸੂਬੇ ਰਾਜਸਥਾਨ ’ਚ ਫਸੇ ਮਜ਼ਦੂਰਾਂ ਨੂੰ ਪੰਜਾਬ ’ਚ ਘਰ ਵਾਪਸੀ ਕਰਵਾਈ ਜਾ ਰਹੀ ਸੀ। ਇਸ ਦੌਰਾਨ ਲਗਭਗ 112 ਮਜ਼ਦੂਰਾਂ ਨੂੰ 3 ਬੱਸਾਂ ਰਾਹੀਂ ਫ਼ਾਜ਼ਿਲਕਾ ਲਿਆਂਦਾ ਗਿਆ ਜਿਥੇ ਪਹਿਲਾਂ ਇਨ੍ਹਾਂ ਮਜ਼ਦੂਰਾਂ ਨੇ ਫ਼ਾਜ਼ਿਲਕਾ ਦੇ ਬੱਸ ਸਟੈਂਡ ਦੇ ਬਾਹਰ ਧਰਨਾ ਦਿਤਾ ਅਤੇ ਕਿਸੇ ਪ੍ਰਸ਼ਾਸਨਕ ਅਧਿਕਾਰੀ ਦੇ ਆਉਣ ਤੋਂ ਪਹਿਲਾਂ ਹੀ ਮਜ਼ਦੂਰ ਉਥੋਂ ਫ਼ਰਾਰ ਹੋ ਗਏ।

ਮਜ਼ਦੂਰਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਲੜਕੀਆਂ ਅਤੇ ਛੋਟੇ ਬੱਚੇ ਹਨ ਜੋ ਪਿਛਲੇ ਕਈ ਦਿਨਾਂ ਤੋਂ ਭੁੱਖੇ ਹਨ ਜਿਸ ਨੂੰ ਲੈ ਕੇ ਉਹ ਅਪਣੇ ਅਪਣੇ ਘਰ ਜਾ ਰਹੇ ਹਨ। ਇਸ ਦੌਰਾਨ ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਮੁਖੀ ਰਾਜਿੰਦਰ ਕੁਮਾਰ ਵਲੋਂ ਮੌਕੇ ਦੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਤੇਜ਼ ਹਨੇਰੀ ਦਾ ਫ਼ਾਇਦਾ ਉਠਾਉਂਦਿਆਂ ਲਗਭਗ 112 ਮਜ਼ਦੂਰ ਮੌਕੇ ਤੋਂ ਭੱਜ ਗਏ। ਇਸ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਫ਼ਾਜ਼ਿਲਕਾ ਵਲੋਂ ਕੁੱਝ ਵਿਅਕਤੀਆਂ ਵਿਰੁਧ ਮਜ਼ਦੂਰਾਂ ਨੂੰ ਗੁਮਰਾਹ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।