ਦੂਜੇ ਸੂਬਿਆਂ 'ਚ ਫਸੇ ਲੋਕਾਂ ਨੂੰ ਪਿਤਰੀ ਰਾਜਾਂ 'ਚ ਭੇਜਣ ਨੂੰ ਪ੍ਰਵਾਨਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੂਜੇ ਸੂਬਿਆਂ 'ਚ ਫਸੇ ਲੋਕਾਂ ਨੂੰ ਪਿਤਰੀ ਰਾਜਾਂ 'ਚ ਭੇਜਣ ਨੂੰ ਪ੍ਰਵਾਨਗੀ

image

ਨਵੀਂ ਦਿੱਲੀ, 1 ਮਈ : ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ਵਿਆਪੀ ਤਾਲਾਬੰਦੀ ਕਾਰਨ ਵੱਖ ਵੱਖ ਥਾਈਂ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਲਿਜਾਣ ਲਈ ਰੇਲ ਗੱਡੀਆਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਫਸੇ ਹੋਏ ਲੋਕਾਂ ਜਿਵੇਂ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਹੁਣ ਵਿਸ਼ੇਸ਼ ਟਰੇਨਾਂ ਰਾਹੀਂ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜਾਂ ਅਤੇ ਰੇਲਵੇ ਬੋਰਡ ਨੂੰ ਇਸ ਕੰਮ ਵਾਸਤੇ ਜ਼ਰੂਰੀ ਪ੍ਰਬੰਧ ਕਰਨੇ ਪੈਣਗੇ।

ਟਰੱਕਾਂ ਅਤੇ ਹੋਰ ਮਾਲਵਾਹਕ ਵਾਹਨਾਂ ਦੀ ਆਵਾਜਾਈ ਵਿਚ ਕੁੱਝ ਸਮੱਸਿਆਵਾਂ ਆਉਣ ਦਾ ਜ਼ਿਕਰ ਕਰਦਿਆਂ ਸ੍ਰੀਵਾਸਤਵ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਮੁੜ ਪੱਤਰ ਲਿਖ ਕੇ ਦਸਿਆ ਹੈ ਕਿ ਖ਼ਾਲੀ ਵਾਹਨਾਂ ਸਣੇ ਟਰੱਕਾਂ ਅਤੇ ਹੋਰ ਮਾਲਵਾਹਕ ਵਾਹਨਾਂ ਦੀ ਆਵਾਜਾਈ ਲਈ ਕਿਸੇ ਵਖਰੇ ਪਾਸ ਦੀ ਲੋੜ ਨਹੀਂ। ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਰੇਲ ਮੰਤਰਾਲਾ ਆਵਾਜਾਈ ਬਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਤਾਲਮੇਲ ਲਈ ਨੋਡਲ ਅਧਿਕਾਰੀ ਨਾਮਜ਼ਦ ਕਰੇਗਾ। ਗ੍ਰਹਿ ਸਕੱਤਰ ਨੇ ਕਿਹਾ, 'ਰੇਲ ਮੰਤਰਾਲਾ ਟਿਕਟ ਵਿਕਰੀ, ਟਰੇਨ ਸਟੇਸ਼ਨਾਂ 'ਤੇ ਸਰੀਰਕ ਦੂਰੀ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੇ ਸਬੰਧ ਵਿਚ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।'
(ਏਜੰਸੀ)