ਕੋਰੋਨਾ ਦਾ ਗ਼ਲਤ ਇਲਾਜ ਰੋਕਿਆ ਜਾਏ, ਮੌਤਾਂ ਇਸ ਗ਼ਲਤ ਇਲਾਜ ਕਾਰਨ ਹੋ ਰਹੀਆਂ ਹਨ
ਸੁਪ੍ਰੀਮ ਕੋਰਟ ਵਿਚ ਪਟੀਸ਼ਨ, ਸੁਪ੍ਰੀਮ ਕੋਰਟ ਨੇ ਕੋਈ ਹਦਾਇਤ ਦੇਣੋਂ ਕੀਤੀ ਨਾਂਹ
ਨਵੀਂ ਦਿੱਲੀ, 30 ਅਪ੍ਰੈਲ: ਸੁਪਰੀਮ ਕੋਰਟ ਨੇ ਕੋਵਿਡ-19 ਤੋਂ ਗੰਭੀਰ ਬੀਮਾਰ ਮਰੀਜ਼ਾਂ, ਜਿਨ੍ਹਾਂ ਨੂੰ ਮਲੇਰੀਆ ਵਿਰੋਧੀ ਦਵਾਈਆਂ 'ਹਾਈਡਰਾਨਿਕਸ ਕਲੋਰੋਕਵੀਨ' ਅਤੇ ਐਂਟੀਬਾਇਉਟਿਕ 'ਐਜ਼ੀਥ੍ਰੋਮਾਈਸਿਨ' ਮਿਲਾ ਕੇ ਦਿਤੀ ਜਾ ਰਹੀ ਹੈ, ਦੇ ਇਲਾਜ ਦੇ ਦਿਸ਼ਾ-ਨਿਰਦੇਸ਼ਾਂ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿਤਾ।
ਅਦਾਲਤ ਨੇ ਕਿਹਾ ਕਿ ਉਹ ਇਸ ਵਿਸ਼ੇ ਦੀ ਮਾਹਰ ਨਹੀਂ। ਜੱਜ ਐਨ ਵੀ ਰਮਨ, ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਬੀ ਆਰ ਗਵਈ ਦੇ ਬੈਂਚ ਨੇ ਗ਼ੈਰ ਸਰਕਾਰੀ ਸੰਸਥਾ 'ਪੀਪਲ ਫ਼ਾਰ ਬੈਟਰ ਟਰੀਟਮੈਂਟ' ਦੀ ਪਟੀਸ਼ਨ 'ਤੇ ਵੀਡੀਉ ਕਾਨਫ਼ਰੰਸ ਰਾਹੀਂ ਸੁਣਵਾਈ ਕਰਦਿਆਂ ਕਿਹਾ ਕਿ ਕੋਵਿਡ-19 ਦੇ ਇਲਾਜ ਲਈ ਹਾਲੇ ਤਕ ਕੋਈ ਦਵਾਈ ਨਹੀਂ ਅਤੇ ਡਾਕਟਰ ਵੱਖੋ ਵੱਖ ਤਰੀਕੇ ਅਪਣਾ ਰਹੇ ਹਨ।
ਬੈਂਚ ਨੇ ਕਿਹਾ ਕਿ ਇਲਾਜ ਦੇ ਨਿਰਦੇਸ਼ਾਂ ਬਾਰੇ ਫ਼ੈਸਲਾ ਕਰਨਾ ਡਾਕਟਰਾਂ ਦਾ ਕੰਮ ਹੈ। ਅਦਾਲਤਾਂ ਇਸ ਦੀਆਂ ਮਾਹਰ ਨਹੀਂ ਅਤੇ ਉਹ ਫ਼ੈਸਲਾ ਨਹੀਂ ਕਰ ਸਕਦੀਆਂ ਕਿ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਬੈਂਚ ਨੇ ਸੰਸਥਾ ਦੇ ਡਾਕਟਰ ਕ੍ਰਿਣਾਲ ਸਾਹਾ ਨੂੰ ਕਿਹਾ ਕਿ ਉਹ ਅਪਣੀ ਪਟੀਸ਼ਨ ਇੰਡੀਅਨ ਮੈਡੀਕਲ ਰਿਸਰਚ ਕੌਂਸਲ ਕੋਲ ਅਰਜ਼ੀ ਵਜੋਂ ਦੇਣ ਜੋ ਉਨ੍ਹਾਂ ਦੇ ਸੁਝਾਅ 'ਤੇ ਵਿਚਾਰ ਕਰ ਸਕਦੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਸਾਹਾ ਨੇ ਕਿਹਾ ਕਿ ਉਹ ਕੋਵਿਡ-19 ਦੇ ਇਲਾਜ ਦੇ ਤਰੀਕੇ ਨੂੰ ਚੁਨੌਤੀ ਨਹੀਂ ਦੇ ਰਹੇ ਪਰ ਇਨ੍ਹਾਂ ਦੋ ਦਵਾਈਆਂ ਦੇ ਮਿਸ਼ਰਨ ਦੀ ਵਰਤੋਂ ਦੇ ਮਾੜੇ ਪ੍ਰਭਾਵ ਹੁੰਦੇ ਹਨ ਅਤੇ ਇਸੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। (ਏਜੰਸੀ)