ਕੋਰੋਨਾ ਨੇ ਢਾਹਿਆ ਕਹਿਰ : ਬ੍ਰਾਜ਼ੀਲ ਵਿਚ ਮਹਿਜ਼ ਇਕ ਮਹੀਨੇ ਵਿਚ ਇਕ ਲੱਖ ਲੋਕਾਂ ਦੀ ਮੌਤ
ਇਸ ਮਹੀਨੇ ਦੇ ਪਹਿਲੇ ਦੋ ਦਿਨਾਂ ਵਿਚ 4000 ਤੋਂ ਵੱਧ ਲੋਕਾਂ ਦੀ ਹੋਈ ਮੌਤ
ਸਾਉ ਪਾਉਲੋ : ਬ੍ਰਾਜ਼ੀਲ ਵਿਚ ਇਕ ਮਹੀਨੇ ਵਿਚ ਕੋਵਿਡ-19 ਨਾਲ ਇਕ ਲੱਖ ਲੋਕਾਂ ਦੀ ਜਾਨ ਚਲੀ ਗਈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 4 ਲੱਖ ਤੋਂ ਪਾਰ ਪਹੁੰਚ ਗਈ ਹੈ। ਹੁਣ ਉਹ ਮੌਤਾਂ ਦੇ ਮਾਮਲੇ ਵਿਚ ਦੁਨੀਆ ਵਿਚ ਦੂਜੇ ਨੰਬਰ ’ਤੇ ਹੈ। ਕੁਝ ਸਿਹਤ ਮਾਹਰਾਂ ਨੇ ਦੇਸ਼ ਵਿਚ ਹਾਲਾਤ ਹੋਰ ਵਿਗੜਨ ਨੂੰ ਲੈ ਕੇ ਚਿਤਾਵਨੀ ਦਿਤੀ ਹੈ। ਬ੍ਰਾਜ਼ੀਲ ਵਿਚ ਇਸ ਆਲਮੀ ਮਹਾਂਮਾਰੀ ਨਾਲ ਅਪ੍ਰੈਲ ਵਿਚ ਸੱਭ ਤੋਂ ਵੱਧ ਮੌਤਾਂ ਹੋਈਆਂ ਹਨ।
ਦੇਸ਼ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਇਸ ਮਹੀਨੇ ਦੇ ਪਹਿਲੇ ਦੋ ਦਿਨਾਂ ਵਿਚ 4000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਪਿਛਲੇ ਦੋ ਹਫ਼ਤਿਆਂ ਵਿਚ ਰੋਜ਼ਾਨਾ ਕਰੀਬ 2400 ਲੋਕਾਂ ਦੀ ਮੌਤ ਹੋਈ ਅਤੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ 3001 ਹੋਰ ਲੋਕਾਂ ਦੇ ਮਰਨ ਦੀ ਜਾਣਕਾਰੀ ਦਿਤੀ, ਜਿਸ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 401,186 ’ਤੇ ਪਹੁੰਚ ਗਈ। ਸਥਾਨਕ ਸਿਹਤ ਮਾਹਰਾਂ ਨੇ ਲਾਗ ਦੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਘਟਣ ’ਤੇ ਥੋੜ੍ਹਾ ਸੁੱਖ ਦਾ ਸਾਹ ਲਿਆ ਪਰ ਉਨ੍ਹਾਂ ਨੂੰ ਬੀਮਾਰੀ ਦੀ ਇਕ ਹੋਰ ਲਹਿਰ ਆਉਣ ਦਾ ਖ਼ਦਸ਼ਾ ਹੈ ਜਿਵੇਂ ਕਿ ਕੁਝ ਯੂਰਪੀ ਦੇਸ਼ਾਂ ਵਿਚ ਦੇਖਿਆ ਗਿਆ।
ਆਨਲਾਈਨ ਰਿਸਰਚ ਵੈਬਸਾਈਟ ‘ਆਵਰ ਵਰਲਡ ਇਨ ਡਾਟਾ’ ਮੁਤਾਬਕ 6 ਫ਼ੀ ਸਦੀ ਤੋਂ ਵੀ ਘੱਟ ਬ੍ਰਾਜ਼ੀਲੀਆਈ ਨਾਗਰਿਕਾਂ ਨੂੰ ਕੋਵਿਡ-19 ਟੀਕਾ ਲੱਗਿਆ ਹੈ। ਦੇਸ਼ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਦੁਹਰਾਇਆ ਕਿ ਉਹ ਸੱਭ ਤੋਂ ਅਖੀਰ ਵਿਚ ਟੀਕਾ ਲਗਵਾਉਣਗੇ ਅਤੇ ਉਨ੍ਹਾਂ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਲਗਾਉਣ ਲਈ ਦੇਸ਼ ਭਰ ਦੇ ਮੇਅਰਾਂ ਅਤੇ ਗਵਰਨਰਾਂ ’ਤੇ ਨਿਸ਼ਾਨਾ ਵਿੰਨ੍ਹਿਆ।
ਸਿਹਤ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਵਿਚੋਂ ਇਕ ਮਹਾਮਾਰੀ ਮਾਹਰ ਵੇਂਡਰਸਨ ਓਲਿਵਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜੂਨ ਦੇ ਅੱਧ ਤਕ ਤੀਜੀ ਲਹਿਰ ਆਉਣ ਦਾ ਖ਼ਦਸ਼ਾ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ, 2020 ਨੂੰ ਕੋਵਿਡ-19 ਨੂੰ ਮਹਾਂਮਾਰੀ ਦੇ ਤੌਰ ’ਤੇ ਐਲਾਨਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਦੁਨੀਆਂ ਵਿਚ 1.49 ਕਰੋੜ ਤੋਂ ਵੱਧ ਲੋਕ ਇਸ ਵਾਇਰਸ ਤੋਂ ਪੀੜਤ ਹੋ ਚੁਕੇ ਹਨ ਅਤੇ 31.50 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।