ਦਿੱਲੀ HC ਕੇਂਦਰ ਖਿਲਾਫ਼ ਸਖ਼ਤ, ਦਿੱਲੀ ਨੂੰ ਜਲਦ ਤੋਂ ਜਲਦ ਦਿੱਤੀ ਜਾਵੇ ਉਸ ਦੇ ਹਿੱਸੇ ਦੀ ਆਕਸੀਜਨ 

ਏਜੰਸੀ

ਖ਼ਬਰਾਂ, ਰਾਸ਼ਟਰੀ

20 ਅਪਰੈਲ ਤੋਂ ਦਿੱਲੀ ਨੂੰ ਅਲਾਟਮੈਂਟ ਲਾਗੂ ਹੋ ਗਿਆ ਸੀ ਅਤੇ ਇਕ ਦਿਨ ਲਈ ਵੀ ਦਿੱਲੀ ਨੂੰ ਅਲਾਟ ਕੀਤੀ ਗਈ ਗੈਸ ਦੀ ਸਪਲਾਈ ਨਹੀਂ ਮਿਲੀ

Delhi High Court

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਦਿੱਲੀ ਹਾਈ ਕੋਰਟ ਨੇ ਸ਼ਨੀਵਾਰ ਨੂੰ ਆਕਸੀਜਨ ਦੀ ਘਾਟ 'ਤੇ ਸਖ਼ਤ ਰੁਖ ਅਪਣਾਇਆ ਹੈ। ਹਾਈਕੋਰਟ ਨੇ ਕੇਂਦਰ ਨੂੰ ਕਿਹਾ ਕਿ 'ਬਸ ਹੁਣ ਬਹੁਤ ਹੋ ਚੁੱਕਾ'। ਅੱਠ ਲੋਕ ਮਰ ਚੁੱਕੇ ਹਨ ਅਸੀਂ ਹੁਣ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ। ਅਸੀਂ ਕੇਂਦਰ ਨੂੰ ਇਹ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੰਦੇ ਹਾਂ ਕਿ ਦਿੱਲੀ ਨੂੰ ਉਸ ਦੇ ਹਿੱਸੇ ਦੀ 490 ਐੱਮਟੀ ਆਕਸੀਜਨ ਦੀ ਪੂਰਤੀ ਅੱਜ ਜਿਵੇਂ ਵੀ ਕਰ ਕੇ ਸੁਨਿਸ਼ਚਿਤ ਕੀਤੀ ਜਾਵੇ।

ਦੱਸ ਦਈਏ ਕਿ ਦਿੱਲੀ ਦੇ ਬੱਤਰਾ ਹਸਪਤਾਲ ਵਿਚ ਆਕਸੀਜਨ ਦੀ ਕਮੀ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿਚ ਇਕ ਡਾਕਟਰ ਵੀ ਸ਼ਾਮਲ ਹੈ। 
ਅਦਾਲਤ ਨੇ ਕਿਹਾ ਕਿ ਦਿੱਲੀ ਇਕ ਉਦਯੋਗਿਕ ਰਾਜ ਨਹੀਂ ਹੈ। ਇਸ ਵਿਚ ਕ੍ਰਾਈਓਜੇਨਿਕ ਟੈਂਕਰ ਵੀ ਨਹੀਂ ਹਨ। ਟੈਂਕਰਾਂ ਦਾ ਪ੍ਰਬੰਧ ਕਰਨ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ।

20 ਅਪਰੈਲ ਤੋਂ ਦਿੱਲੀ ਨੂੰ ਅਲਾਟਮੈਂਟ ਲਾਗੂ ਹੋ ਗਿਆ ਸੀ ਅਤੇ ਇਕ ਦਿਨ ਲਈ ਵੀ ਦਿੱਲੀ ਨੂੰ ਅਲਾਟ ਕੀਤੀ ਗਈ ਗੈਸ ਦੀ ਸਪਲਾਈ ਨਹੀਂ ਮਿਲੀ। ਜੇ ਹੁਕਮ ਲਾਗੂ ਨਹੀਂ ਕੀਤਾ ਜਾਂਦਾ ਹੈ, ਤਾਂ ਅਸੀਂ ਅਪਮਾਨ ਦੀ ਕਾਰਵਾਈ ਜਾਰੀ ਕਰਨ 'ਤੇ ਵੀ ਵਿਚਾਰ ਕਰ ਸਕਦੇ ਹਾਂ। ਇਸ ਮਾਮਲੇ ਵਿਚ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।

ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬੱਤਰਾ ਹਸਪਤਾਲ ਵਿਖੇ ਵਾਪਰੀ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ, “ਇਹ ਖਬਰ ਬਹੁਤ ਦੁਖਦਾਈ ਹੈ। ਸਮੇਂ ਸਿਰ ਆਕਸੀਜਨ ਦੇ ਕੇ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਸੀ। ਦਿੱਲੀ ਨੂੰ ਉਹਨਾਂ ਦੇ ਹਿੱਸੇ ਦੀ ਆਕਸੀਜਨ ਦਿੱਤੀ ਜਾਵੇ। ਆਪਣੇ ਲੋਕਾਂ ਦੀ ਮੌਤ ਹੁੰਦੇ ਹੁਣ ਅਸੀਂ ਹੋਰ ਨਹੀਂ ਦੇਖ ਸਕਦੇ। ਦਿੱਲੀ ਨੂੰ 976 ਟਨ ਆਕਸੀਜਨ ਦੀ ਜਰੂਰਤ ਹੈ ਅਤੇ ਕੱਲ ਸਿਰਫ 312 ਟਨ ਆਕਸੀਜਨ ਦਿੱਤੀ ਗਈ ਸੀ। ਇੰਨੀ ਘੱਟ ਆਕਸੀਜਨ ਵਿਚ ਦਿੱਲੀ ਸਾਹ ਕਿਵੇਂ ਲੈ ਪਾਵੇਗੀ।