ਗੁਜਰਾਤ ਦੇ ਕੋਵਿਡ ਹਸਪਤਾਲ ’ਚ ਲੱਗੀ ਭਿਆਨਕ ਅੱਗ, 18 ਮਰੀਜ਼ਾਂ ਦੀ ਮੌਤ
ਗੁਜਰਾਤ ਦੇ ਭਰੂਚ ਵਿਚ ਇਕ ਕੋਵਿਡ ਹਸਪਤਾਲ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ।
ਅਹਿਮਦਾਬਾਦ: ਗੁਜਰਾਤ ਦੇ ਭਰੂਚ ਵਿਚ ਇਕ ਕੋਵਿਡ ਹਸਪਤਾਲ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿਚ ਕੋਰੋਨਾ ਮਰੀਜ਼ਾਂ ਤੋਂ ਇਲਾਵਾ ਦੋ ਸਟਾਫ ਨਰਸਾਂ ਦੀ ਵੀ ਮੌਤ ਹੋਈ ਹੈ। ਹਸਪਤਾਲ ਦੇ ਕਈ ਮਰੀਜ਼ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਭਰੂਚ ਦੇ ਪਟੇਲ ਵੈਲਫੇਅਰ ਹਸਪਤਾਲ ਵਿਚ ਰਾਤ ਕਰੀਬ 12.30 ਤੋਂ 1 .00 ਵਜੇ ਵਿਚਕਾਰ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਟ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗੇ ਉੱਤੇ ਕਾਬੂ ਪਾ ਲਿਆ। ਇਸ ਦੌਰਾਨ ਕਰੀਬ 50 ਲੋਕਾਂ ਨੂੰ ਸੁਰੱਖਿਅਤ ਬਚਾ ਕੇ ਦੂਜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਗੁਜਰਾਤ ਦੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਇਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ, ‘ਮੈਂ ਭਰੂਚ ਹਸਪਤਾਲ ਵਿਚ ਅੱਗ ਲੱਗਣ ਕਾਰਨ ਜਾਨ ਗਵਾਉਣ ਵਾਲੇ ਮਰੀਜ਼ਾਂ, ਡਾਕਟਰਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਦੇ ਪ੍ਰਤੀ ਅਪਣੀ ਹਮਦਰਦੀ ਜ਼ਾਹਿਰ ਕਰਦਾ ਹਾਂ। ਸੂਬਾ ਸਰਕਾਰ ਪੀੜਤਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦੇਵੇਗੀ।