ਭਾਰਤ ਨੇ ਅੰਤਰਰਾਸ਼ਟਰੀ ਉਡਾਣਾਂ 31 ਮਈ ਤੱਕ ਕੀਤੀਆਂ ਮੁਲਤਵੀ
ਚੋਣਵੇਂ ਰੂਟਾਂ 'ਤੇ ਅੰਤਰਰਾਸ਼ਟਰੀ ਉਡਾਣਾਂ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।
ਨਵੀਂ ਦਿੱਲੀ: ਕੋਰੋਨਾ ਕਾਰਨ ਸਰਕਾਰ ਨੇ ਰੋਜ਼ਾਨਾ ਅੰਤਰਰਾਸ਼ਟਰੀ ਉਡਾਣਾਂ ਹੁਣ 31 ਮਈ ਤਕ ਮੁਲਤਵੀ ਰਹਿਣਗੀਆਂ। ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਹੈ ਕਿ ਅੰਤਰਰਾਸਟਰੀ ਉਡਾਣਾਂ ’ਤੇ ਪਾਬੰਦੀ 31 ਮਈ ਦੀ ਰਾਤ 11.59 ਵਜੇ ਤਕ ਲਾਗੂ ਰਹੇਗੀ। ਅੰਤਰਰਾਸ਼ਟਰੀ ਕਾਰਗੋ ਆਪ੍ਰੇਸ਼ਨਾਂ ਅਤੇ ਡਾਇਰੈਕਟੋਰੇਟ ਜਨਰਲ ਵਲੋਂ ਵਿਸ਼ੇਸ਼ ਆਗਿਆ ਵਾਲੀਆਂ ਉਡਾਣਾਂ ’ਤੇ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। ਇਹ ਵੀ ਕਿਹਾ ਗਿਆ ਹੈ ਕਿ ਚੋਣਵੇਂ ਰੂਟਾਂ ’ਤੇ ਅੰਤਰਰਾਸ਼ਟਰੀ ਉਡਾਣਾਂ ਦੀ ਪ੍ਰਵਾਨਗੀ ਦਿਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਵੰਦੇ ਭਾਰਤ ਮਿਸ਼ਨ ਅਤੇ ਕੁਝ ਦੇਸ਼ਾਂ ਨਾਲ ਦੁਵੱਲੇ ਸਮਝੌਤਿਆਂ ਦੇ ਅਧਾਰ ’ਤੇ ਇਸ ਸ਼੍ਰੇਣੀ ਵਿਚ ਉਡਾਣਾਂ ਦੀ ਆਗਿਆ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਕਾਰਨ 23 ਮਾਰਚ 2020 ਤੋਂ ਅੰਤਰਰਾਸ਼ਟਰੀ ਉਡਾਣਾਂ ਮ੍ਰੁਲਤਵੀ ਕੀਤੀਆਂ ਗਈਆਂ ਹਨ, ਪਰ ਮਈ ਤੋਂ ਬਾਅਦ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜੁਲਾਈ ਤੋਂ ਚੋਣਵੇਂ ਦੇਸ਼ਾਂ ਵਿਚਾਲੇ ਦੁਵੱਲੀ ‘ਏਅਰ ਬਬਲ’ ਵਿਵਸਥਾ ਤਹਿਤ ਕੁੱਝ ਉਡਾਣਾਂ ਚੱਲ ਰਹੀਆਂ ਹਨ। ਭਾਰਤ ਨੇ ਕੀਨੀਆ, ਭੁਟਾਨ ਅਤੇ ਫ਼ਰਾਂਸ ਸਹਿਤ 27 ਦੇਸ਼ਾਂ ਨਾਲ ਏਅਰ ਬਬਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਦੋਹਾਂ ਦੇਸ਼ਾਂ ਵਿਚਾਲੇ ਉਨ੍ਹਾਂ ਦੀਆਂ ਏਅਰਲਾਈਨਾਂ ਵਲੋਂ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ।