ਅਫਜ਼ਲ ਅੰਸਾਰੀ ਦੀ ਸੰਸਦੀ ਮੈਂਬਰਸ਼ਿਪ ਖ਼ਤਮ, ਯੂਪੀ ਦੇ ਮਊ ਤੋਂ ਬਸਪਾ ਸਾਂਸਦ ਸੀ ਅੰਸਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

4 ਸਾਲ ਦੀ ਸਜ਼ਾ ਸੁਣਾਏ ਜਾਣ ਦੇ 56 ਘੰਟੇ ਬਾਅਦ ਸਾਂਸਦੀ ਗਈ

Afzal Ansari

ਲਖਨਊ - ਉੱਤਰ ਪ੍ਰਦੇਸ਼ ਦੇ ਮਊ ਤੋਂ ਬਸਪਾ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਉਸ ਨੂੰ ਗਾਜ਼ੀਪੁਰ ਦੀ ਐਮਪੀ/ਐਮਐਲਏ ਅਦਾਲਤ ਨੇ ਗੈਂਗਸਟਰ ਕੇਸ ਵਿਚ 4 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਤੋਂ 56 ਘੰਟੇ ਬਾਅਦ ਹੀ ਉਸ਼ ਦੀ ਸਾਂਸਦੀ ਚਲੀ ਗਈ। 

ਅਫਜ਼ਲ ਦੇ ਭਰਾ ਮਾਫ਼ੀਆ ਮੁਖਤਾਰ ਅੰਸਾਰੀ ਨੂੰ ਵੀ ਗੈਂਗਸਟਰ ਮਾਮਲੇ 'ਚ 10 ਸਾਲ ਦੀ ਸਜ਼ਾ ਹੋਈ ਸੀ। ਅਦਾਲਤ ਨੇ ਮੁਖਤਾਰ 'ਤੇ 5 ਲੱਖ ਰੁਪਏ ਅਤੇ ਅਫਜ਼ਲ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮੁਖਤਾਰ ਪਹਿਲਾਂ ਹੀ ਜੇਲ੍ਹ ਵਿਚ ਬੰਦ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਅਫਜ਼ਲ ਜ਼ਮਾਨਤ 'ਤੇ ਸਨ। ਅੰਸਾਰੀ ਭਰਾਵਾਂ ਖ਼ਿਲਾਫ਼ ਗੈਂਗਸਟਰ ਐਕਟ ਦਾ ਕੇਸ ਕ੍ਰਿਸ਼ਨਾਨੰਦ ਰਾਏ ਦੇ ਕਤਲ ਤੋਂ ਦੋ ਸਾਲ ਬਾਅਦ 2007 ਵਿਚ ਦਰਜ ਕੀਤਾ ਗਿਆ ਸੀ।

ਇਹ ਕੇਸ ਰਾਏ ਦੇ ਕਤਲ ਅਤੇ ਕਾਰੋਬਾਰੀ ਨੰਦ ਕਿਸ਼ੋਰ ਰੁੰਗਟਾ ਦੇ ਅਗਵਾ-ਕਤਲ ਤੋਂ ਬਾਅਦ ਹੋਈ ਅੱਗਜ਼ਨੀ 'ਤੇ ਆਧਾਰਿਤ ਸੀ। ਅਦਾਲਤ ਨੇ ਕ੍ਰਿਸ਼ਨਾਨੰਦ ਰਾਏ ਕਤਲ ਕੇਸ ਵਿਚ ਅੰਸਾਰੀ ਭਰਾਵਾਂ ਨੂੰ ਬਰੀ ਕਰ ਦਿੱਤਾ ਹੈ। ਪਰ, ਗੈਂਗਸਟਰ ਐਕਟ ਦਾ ਇਹ ਮਾਮਲਾ ਇਸ ਨਾਲ ਜੁੜਿਆ ਹੋਇਆ ਹੈ। 23 ਸਤੰਬਰ 2022 ਨੂੰ ਦੋਵਾਂ ਭਰਾਵਾਂ 'ਤੇ ਗੈਂਗਸਟਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਫੈਸਲਾ 15 ਅਪ੍ਰੈਲ ਨੂੰ ਆਉਣਾ ਸੀ। ਹਾਲਾਂਕਿ ਜੱਜ ਦੇ ਛੁੱਟੀ 'ਤੇ ਜਾਣ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ।

ਹਾਲ ਹੀ 'ਚ ਅਫਜ਼ਲ ਅੰਸਾਰੀ ਨੇ ਕਿਹਾ ਸੀ ਕਿ "ਉਨ੍ਹਾਂ ਖਿਲਾਫ਼ ਕਤਲ ਦੇ ਮਾਮਲੇ 'ਚ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਅਜਿਹੀ ਸਥਿਤੀ 'ਚ ਗੈਂਗਸਟਰ ਐਕਟ ਦੇ ਤਹਿਤ ਕੇਸ ਦਾ ਕੋਈ ਆਧਾਰ ਨਹੀਂ ਹੈ। ਸਾਨੂੰ ਅਦਾਲਤ 'ਤੇ ਭਰੋਸਾ ਹੈ।" ਅਸਲ 'ਚ ਅਫਜ਼ਲ ਕਤਲ ਦੇ ਮਾਮਲੇ 'ਚ ਬਰੀ ਹੋਣ ਦੇ ਆਧਾਰ 'ਤੇ ਗੈਂਗਸਟਰ ਦੇ ਖਿਲਾਫ਼ ਹਾਈਕੋਰਟ ਗਿਆ ਸੀ। ਪਰ ਕੋਈ ਰਾਹਤ ਨਹੀਂ ਮਿਲੀ।