ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਨਵਜੋਤ ਸਿੱਧੂ ਬੋਲੇ, ਗ੍ਰਿਫ਼ਤਾਰੀ 'ਚ ਦੇਰੀ ਹੋਈ ਤਾਂ ਜਾਨ ਦੀ ਬਾਜ਼ੀ ਲਗਾ ਦੇਵਾਂਗਾ
- ਬ੍ਰਿਜ ਭੂਸ਼ਣ ਨੇ ਕਿਹਾ- ਕੁੱਝ ਪਹਿਲਵਾਨਾਂ ਕਰ ਕੇ 4 ਮਹੀਨੇ ਤੋਂ ਖੇਡ ਠੱਪ
ਨਵੀਂ ਦਿੱਲੀ - ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫ਼ਤਾਰੀ ਲਈ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੀ ਹੜਤਾਲ 9ਵੇਂ ਦਿਨ ਵੀ ਜਾਰੀ ਹੈ। ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਵੀ ਪਹਿਲਵਾਨਾਂ ਵਿਚਕਾਰ ਪਹੁੰਚੇ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਧਰਨੇ 'ਤੇ ਪਹੁੰਚੇ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਆਪਣੇ ਖਿਡਾਰੀਆਂ ਲਈ ਆਏ ਹਨ। ਉਹ ਰੀਲ ਹੀਰੋ ਨਹੀਂ ਹੈ, ਉਹ ਇੱਕ ਅਸਲੀ ਹੀਰੋ ਹੈ। ਐਫ਼ਆਈਆਰ ਕਿਸੇ ਵੀ ਕੇਸ ਦੀ ਨੀਂਹ ਹੁੰਦੀ ਹੈ। ਸਵਾਲ ਇਹ ਹੈ ਕਿ ਇਸ ਨੂੰ 10 ਦਿਨ ਕਿਉਂ ਲੱਗ ਗਏ। ਜਿਸ ਅਧਿਕਾਰੀ ਨੇ ਦੇਰੀ ਕੀਤੀ, ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਦੋਸ਼ੀ ਵੱਡੇ ਅਹੁਦੇ 'ਤੇ ਹੈ। ਉਹ ਕਿਸੇ ਦਾ ਕੈਰੀਅਰ ਖ਼ਰਾਬ ਕਰ ਸਕਦਾ ਹੈ, ਧਮਕੀਆਂ ਦੇ ਸਕਦਾ ਹੈ। ਅਜਿਹੀ ਸਥਿਤੀ ਵਿੱਚ ਨਿਰਪੱਖ ਜਾਂਚ ਦੀ ਉਮੀਦ ਕਿਵੇਂ ਰੱਖੀ ਜਾਵੇ।
ਨਵਜੋਤ ਸਿੱਧੂ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਦਰਜ ਕੀਤੀ ਗਈ ਐਫਆਈਆਰ ਜ਼ਮਾਨਤਯੋਗ ਨਹੀਂ ਹੈ। ਫਿਰ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ? ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ। ਜੇਕਰ ਇਹ ਇਨਸਾਫ਼ ਲੰਮੇ ਸਮੇਂ ਲਈ ਟਾਲਿਆ ਗਿਆ ਤਾਂ ਸਿੱਧੂ ਆਪਣੀ ਜਾਨ ਦਾਅ 'ਤੇ ਲਗਾ ਦੇਵੇਗਾ। ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ੇਰਨੀ ਦੀ ਦਹਾੜ ਹੈ। ਬੱਬਰ ਜਿੰਨੇ ਮਰਜ਼ੀ ਸ਼ੇਰ ਬਣ ਜਾਣ, ਦੁਰਗਾ ਉਹਨਾਂ ਦੀ ਸਵਾਰੀ ਕਰਦੀ ਹੈ। ਇਹ ਲੜਾਈ ਉਨ੍ਹਾਂ ਦੀ ਨਹੀਂ ਹੈ, ਇਹ ਘਰ-ਘਰ ਦੀ ਲੜਾਈ ਹੈ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ।
- ਬ੍ਰਿਜ ਭੂਸ਼ਣ ਨੇ ਕਿਹਾ- ਕੁੱਝ ਪਹਿਲਵਾਨਾਂ ਕਰ ਕੇ 4 ਮਹੀਨੇ ਤੋਂ ਖੇਡ ਠੱਪ
ਓਧਰ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਹਿਣਾ ਹੈ ਕਿ ਉਹ ਫਾਂਸੀ ਲਈ ਤਿਆਰ ਹੈ ਪਰ ਕੁਸ਼ਤੀ ਦੀਆਂ ਗਤੀਵਿਧੀਆਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਕੈਡੇਟ ਅਤੇ ਜੂਨੀਅਰ ਪਹਿਲਵਾਨਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਪਹਿਲਵਾਨਾਂ ਦੇ ਪ੍ਰਦਰਸ਼ਨ ਕਰ ਕੇ 4 ਮਹੀਨਿਆਂ ਤੋਂ ਖੇਡ ਠੱਪ ਪਈ ਹੈ।
ਬ੍ਰਿਜ ਭੂਸ਼ਣ ਨੇ ਕਿਹਾ ਕਿ “ਪਿਛਲੇ ਚਾਰ ਮਹੀਨਿਆਂ ਤੋਂ ਸਾਰੀਆਂ ਕੁਸ਼ਤੀ ਗਤੀਵਿਧੀਆਂ ਠੱਪ ਹੋ ਗਈਆਂ ਹਨ। ਮੈਂ ਕਹਿੰਦਾ ਹਾਂ ਕਿ ਮੈਨੂੰ ਫਾਂਸੀ ਦਿਓ ਪਰ ਕੁਸ਼ਤੀ ਦੀਆਂ ਗਤੀਵਿਧੀਆਂ ਬੰਦ ਨਾ ਕਰੋ। ਬੱਚਿਆਂ ਦੇ ਭਵਿੱਖ ਨਾਲ ਨਾ ਖੇਡੋ। ਕੈਡਿਟ ਰਾਸ਼ਟਰੀ ਚੈਂਪੀਅਨਸ਼ਿਪ ਨੂੰ ਹੋਣ ਦਿਓ ਜੋ ਵੀ ਇਸ ਦਾ ਆਯੋਜਨ ਕਰਦਾ ਹੈ..ਭਾਵੇਂ ਉਹ ਮਹਾਰਾਸ਼ਟਰ, ਤਾਮਿਲਨਾਡੂ ਜਾਂ ਤ੍ਰਿਪੁਰਾ ਹੋਵੇ ਪਰ ਕੁਸ਼ਤੀ ਦੀਆਂ ਗਤੀਵਿਧੀਆਂ ਨੂੰ ਨਾ ਰੋਕੋ।"
ਬ੍ਰਿਜ ਭੂਸ਼ਣ ਨੇ ਕਿਹਾ ਕਿ ਜੋ ਕੋਈ ਵੀ ਨੈਸ਼ਨਲ ਕੈਡੇਟ ਚੈਂਪੀਅਨਸ਼ਿਪ ਦਾ ਆਯੋਜਨ ਕਰਨਾ ਚਾਹੁੰਦਾ ਹੈ, ਉਹ ਕਰ ਸਕਦਾ ਹੈ ਅਤੇ ਡਬਲਯੂਐਫਆਈ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਟੂਰਨਾਮੈਂਟ ਦਾ ਸਵਾਲ ਹੈ ਤਾਂ ਵਿਰੋਧ ਕਰਨ ਵਾਲੇ ਪਹਿਲਵਾਨ, ਆਈਓਏ ਜਾਂ ਸਰਕਾਰ, ਜੋ ਚਾਹੇ, ਇਸ ਦਾ ਆਯੋਜਨ ਕਰ ਸਕਦੇ ਹਨ।