ਜੰਤਰ-ਮੰਤਰ ਜਾ ਕੇ ਮਹਿਲਾ ਪਹਿਲਵਾਨਾਂ ਦੇ ਮਨ ਦੀ ਗੱਲ ਸੁਣਨ ਪ੍ਰਧਾਨ ਮੰਤਰੀ : ਕਪਿਲ ਸਿੱਬਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗੇਗਾ ਕਿ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇ ਦਰਦ ਨੂੰ ਸਮਝਣ ਲਈ ਤਿਆਰ ਹਨ

Kapil Sibal

ਨਵੀਂ ਦਿੱਲੀ - ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਦਰਸ਼ਨਕਾਰੀ ਮਹਿਲਾ ਪਹਿਲਵਾਨਾਂ ਦੇ ‘ਮਨ ਦੀ ਗੱਲ’ ਸੁਣਨ ਲਈ ਜੰਤਰ-ਮੰਤਰ ਜਾਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਅਜਿਹਾ ਕਦਮ ਸਾਬਤ ਕਰੇਗਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਦਰਦ ਨੂੰ ਸਮਝਣ ਲਈ ਤਿਆਰ ਹਨ। 

ਸੀਨੀਅਰ ਵਕੀਲ ਸਿੱਬਲ ਸੁਪਰੀਮ ਕੋਰਟ ਵਿਚ ਪਹਿਲਵਾਨਾਂ ਦੀ ਨੁਮਾਇੰਦਗੀ ਕਰ ਰਹੇ ਹਨ। ਉਹਨਾਂ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਮੋਦੀ ਦੇ "ਮਨ ਕੀ ਬਾਤ" ਰੇਡੀਓ ਪ੍ਰੋਗਰਾਮ ਦੇ 100ਵੇਂ ਐਪੀਸੋਡ ਦੇ ਪ੍ਰਸਾਰਣ ਤੋਂ ਇਕ ਦਿਨ ਬਾਅਦ ਆਈ ਹੈ। ਕਪਿਲ ਸਿੱਬਲ ਨੇ ਇਸ ਬਾਬਤ ਟਵੀਟ ਕਰਦੇ ਹੋਏ ਕਿਹਾ ਕਿ ''ਮੋਦੀ ਜੀ: ਤੁਹਾਡੇ 100ਵੇਂ 'ਮਨ ਕੀ ਬਾਤ' ਪ੍ਰੋਗਰਾਮ ਲਈ ਵਧਾਈਆਂ। ਮੋਦੀ ਜੀ, ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਕਿਰਪਾ ਕਰਕੇ ਜੰਤਰ-ਮੰਤਰ 'ਤੇ ਜਾ ਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ 'ਮਨ ਕੀ ਬਾਤ' ਸੁਣੋ।''

ਉਹਨਾਂ ਕਿਹਾ,''ਇਸ ਤੋਂ ਪਤਾ ਲੱਗੇਗਾ ਕਿ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇ ਦਰਦ ਨੂੰ ਸਮਝਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਸੱਤ ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਦੋ ਮਾਮਲੇ ਦਰਜ ਕੀਤੇ ਸਨ। 

ਇਹ ਦੋਵੇਂ ਐਫਆਈਆਰ ਦਿੱਲੀ ਪੁਲਸ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਨੂੰ ਇਹ ਦੱਸਣ ਦੇ ਕੁਝ ਘੰਟਿਆਂ ਬਾਅਦ ਦਰਜ ਕੀਤੀਆਂ ਗਈਆਂ ਸਨ ਕਿ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਜਾਵੇਗਾ। ਪਹਿਲੀ ਐਫਆਈਆਰ ਇਕ ਨਾਬਾਲਗ ਪਹਿਲਵਾਨ ਦੇ ਦੋਸ਼ਾਂ ਨਾਲ ਸਬੰਧਤ ਹੈ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਦਰਜ ਕੀਤੀ ਗਈ ਹੈ, ਜਦੋਂ ਕਿ ਦੂਜੀ ਐੱਫਆਈਆਰ ਔਰਤਾਂ ਦੀ ਨਿਮਰਤਾ ਨੂੰ ਭੜਕਾਉਣ ਨਾਲ ਸਬੰਧਤ ਹੈ।

ਦੱਸ ਦਈਏ ਕਿ ਕਈ ਪਹਿਲਵਾਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਹ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਸਰਕਾਰ ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਨਿਗਰਾਨੀ ਕਮੇਟੀ ਦੀ ਜਾਂਚ ਨੂੰ ਜਨਤਕ ਕਰੇ। 
ਪਹਿਲਵਾਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਧਰਨੇ ਵਾਲੀ ਥਾਂ ਨਹੀਂ ਛੱਡਣਗੇ। ਉਹਨਾਂ ਨੇ ਪਿਛਲੇ ਹਫ਼ਤੇ ਅਪਣਾ ਧਰਨਾ ਮੁੜ ਸ਼ੁਰੂ ਕੀਤਾ ਅਤੇ ਮੰਗ ਕੀਤੀ ਕਿ ਦੋਸ਼ਾਂ ਦੀ ਜਾਂਚ ਕਰ ਰਹੀ ਕਮੇਟੀ ਦੇ ਨਤੀਜੇ ਜਨਤਕ ਕੀਤੇ ਜਾਣ।  
 

- ਦਿੱਲੀ ਪੁਲਿਸ ਨੇ ਦਰਜ ਕੀਤੇ ਬਿਆਨ 
ਦੱਸ ਦਈਏ ਕਿ ਦਿੱਲੀ ਪੁਲਸ ਨੇ ਇਕ ਮਹਿਲਾ ਪਹਿਲਵਾਨ ਦੇ ਬਿਆਨ ਦਰਜ ਕੀਤੇ ਹਨ ਤੇ ਹੁਣ ਬਾਕੀਆਂ ਦੇ ਵੀ ਬਿਆਨ ਦਰਜ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਦਿੱਲੀ ਪੁਲਸ ਬ੍ਰਿਜ ਭੂਸ਼ਣ ਨੂੰ ਵੀ ਪੁੱਛਗਿੱਛ ਲਈ ਬੁਲਾ ਸਕਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਹਿਲਵਾਨਾਂ ਨੂੰ ਕਾਂਗਰਸ ਦੇ ਹੋਰ ਨੇਤਾਵਾਂ ਦਾ ਵੀ ਸਮਰਥਨ ਮਿਲਿਆ ਹੈ। ਅੱਜ ਪਹਿਲਵਾਨਾਂ ਦੇ ਕੋਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੀ ਪਹੁੰਚੇ। ਉਹਨਾਂ ਨੇ ਪਹਿਲਵਾਨਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਨੂੰ ਪਹਿਲਵਾਨਾਂ ਨੂੰ ਜਲਦ ਤੋਂ ਜਲਦ ਇਨਸਾਫ਼ ਦੇਣ ਦੀ ਗੱਲ ਕਹੀ। ਜਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਦੇ ਹੋਰ ਆਗੂ ਵੀ ਧਰਨੇ ਵਾਲੀ ਜਗ੍ਹਾ ਪਹੁੰਚੇ ਸਨ ਜਿਨ੍ਹਾਂ ਵਿਚ ਪ੍ਰਿਯੰਕਾ ਗਾਂਧੀ, ਰਾਬਰਟ ਵਾਡਰਾ ਵੀ ਸ਼ਾਮਲ ਹੈ।