ਅਯੁੱਧਿਆ ਪਹੁੰਚੇ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ , ਕਿਹਾ- ਆਉਣਾ ਤਾਂ ਰਾਮ ਦੀ ਸ਼ਰਨ 'ਚ ਹੀ ਪਵੇਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

"ਰਾਹੁਲ ਅਤੇ ਵਿਰੋਧੀ ਧਿਰ ਜਿੰਨੀਆਂ ਮਰਜ਼ੀ ਚਾਦਰਾਂ ਚੜ੍ਹਾ ਲੈਣ ਪਰ ਆਉਣਾ ਉਨ੍ਹਾਂ ਨੂੰ ਰਾਮ ਦੀ ਸ਼ਰਨ 'ਚ ਹੀ ਪਵੇਗਾ"

Anurag Thakur

Ayodhya News : ਅਯੁੱਧਿਆ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ ਅਤੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, "ਰਾਹੁਲ ਅਤੇ ਵਿਰੋਧੀ ਧਿਰ ਜਿੰਨੀਆਂ ਮਰਜ਼ੀ ਚਾਦਰਾਂ ਚੜ੍ਹਾ ਲੈਣ ਪਰ ਆਉਣਾ ਉਨ੍ਹਾਂ ਨੂੰ ਰਾਮ ਦੀ ਸ਼ਰਨ 'ਚ ਹੀ ਪਵੇਗਾ।"

ਕੇਂਦਰੀ ਮੰਤਰੀ ਨੇ ਕਿਹਾ, “500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ਵਿੱਚ ਇੱਕ ਸ਼ਾਨਦਾਰ ਅਤੇ ਇਤਿਹਾਸਕ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ ਪਰ ਕੁਝ ਲੋਕ ਆਪਣੀ ਮਾੜੀ ਰਾਜਨੀਤੀ ਤੋਂ ਬਾਜ਼ ਨਹੀਂ ਆ ਰਹੇ। ਇਨ੍ਹਾਂ ਲੋਕਾਂ ਨੂੰ ਕਦੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਤੋਂ ਤਕਲੀਫ਼ ਹੁੰਦੀ ਹੈ ਅਤੇ ਕਦੇ ਦਲਿਤ ਅਤੇ ਆਦਿਵਾਸੀ ਪਿਛੋਕੜ ਤੋਂ ਆਏ ਰਾਮਨਾਥ ਕੋਵਿੰਦ ਅਤੇ ਦ੍ਰੋਪਦੀ ਮੁਰਮੂ ਵਰਗੇ ਲੋਕਾਂ ਦੇ ਰਾਸ਼ਟਰਪਤੀ ਬਣਨ ਤੋਂ।

ਉਨ੍ਹਾਂ ਕਿਹਾ, “ਪਹਿਲਾਂ ਕੁਝ ਲੋਕ ਕਹਿੰਦੇ ਸਨ ਕਿ ਮੰਦਰ ਓਥੇ ਹੀ ਬਣਾਉਣਗੇ ਪਰ ਤਰੀਕ ਨਹੀਂ ਦੱਸਦੇ ਸਨ ਪਰ ਅਸੀਂ ਉਨ੍ਹਾਂ ਨੂੰ ਤਰੀਕ ਦੱਸ ਦਿੱਤੀ ਅਤੇ ਮੰਦਰ ਵੀ ਬਣਵਾਇਆ। ਅਜਿਹੇ ਸਾਰੇ ਲੋਕਾਂ ਨੂੰ ਸੱਦਾ ਪੱਤਰ ਵੀ ਭੇਜੇ ਗਏ ਸਨ ਪਰ ਦੇਖੋ, ਇਹ ਲੋਕ ਨਹੀਂ ਆਏ, ਜਿਸ ਤੋਂ ਤੁਸੀਂ ਆਸਾਨੀ ਨਾਲ ਉਨ੍ਹਾਂ ਦੀ ਨਿਰਾਸ਼ਾ ਦਾ ਅੰਦਾਜ਼ਾ ਲਗਾ ਸਕਦੇ ਹੋ। ਇਸ ਦੇ ਨਾਲ ਹੀ ਅਨੁਰਾਗ ਠਾਕੁਰ ਨੇ ਕਾਂਗਰਸ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਾਂਗਰਸ ਨੂੰ ਭ੍ਰਿਸ਼ਟ ਪਾਰਟੀ ਕਿਹਾ। ਉਨ੍ਹਾਂ ਕਿਹਾ, ''ਕਾਂਗਰਸ ਆਪਣੇ ਕੱਪੜੇ ਬਦਲਦੀ ਰਹਿੰਦੀ ਹੈ। ਪਹਿਲਾਂ ਇਹ ਯੂਪੀਏ ਵਜੋਂ ਲੋਕਾਂ 'ਚ ਜਾਣੀ ਜਾਂਦੀ ਸੀ ਪਰ ਹੁਣ ਇਹ ਇੰਡੀ ਦੇ ਨਾਲ ਨਾਲ ਜਾਣੀ ਜਾਂਦੀ ਹੈ।

ਉਨ੍ਹਾਂ ਕਿਹਾ, ''ਇੰਡੀਆ ਗਠਜੋੜ ਦੇ ਲੋਕ ਇਕ ਸਾਲ ਲਈ ਕਿਸੇ ਨਵੇਂ ਪ੍ਰਧਾਨ ਮੰਤਰੀ ਅਤੇ ਦੂਜੇ ਸਾਲ ਲਈ ਕਿਸੇ ਦੂਜੇ ਨਵੇਂ ਪ੍ਰਧਾਨ ਮੰਤਰੀ ਦੇ ਫਾਰਮੂਲੇ 'ਤੇ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦਾ ਇਹ ਫਾਰਮੂਲਾ ਸਫਲ ਨਹੀਂ ਹੋਵੇਗਾ ਕਿਉਂਕਿ ਦੇਸ਼ ਦੀ ਜਨਤਾ ਸਵੀਕਾਰ ਨਹੀਂ ਕਰੇਗੀ।  ਕਾਂਗਰਸ ਨੇ ਹਮੇਸ਼ਾ ਹੀ ਲੋਕਾਂ ਨੂੰ ਠੱਗਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਅਯੁੱਧਿਆ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨੁਰਾਗ ਠਾਕੁਰ ਨੇ ਜਨਤਾ ਨੂੰ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਦੀ ਜਾਣਕਾਰੀ ਵੀ ਦਿੱਤੀ।

ਉਨ੍ਹਾਂ ਕਿਹਾ, ''ਕਾਂਗਰਸ ਨੇ ਹਮੇਸ਼ਾ ਹੀ ਮਹਿਲਾਵਾਂ ਨੂੰ ਪਛੜੇਪਣ ਦਾ ਪ੍ਰਤੀਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਰਾਜਨੀਤੀ 'ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਰਾਹ ਪੱਧਰਾ ਕੀਤਾ ਤਾਂ ਜੋ ਰਾਜਨੀਤੀ 'ਚ ਵੀ ਔਰਤਾਂ ਦਾ ਦਬਦਬਾ ਕਾਇਮ ਹੋ ਸਕੇ। ਇਸ ਤੋਂ ਇਲਾਵਾ ਦੇਸ਼ ਭਰ ਦੀਆਂ 10 ਕਰੋੜ ਭੈਣਾਂ ਨੂੰ 4 ਕਰੋੜ ਪੱਕੇ ਘਰ, 12 ਕਰੋੜ ਪਖਾਨੇ, 13 ਕਰੋੜ ਟੂਟੀ ਦਾ ਪਾਣੀ, ਰਸੋਈ ਗੈਸ ਸਿਲੰਡਰ ਅਤੇ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਗਿਆ ਹੈ।