Manipur chargesheet : ਮਨੀਪੁਰ ’ਚ ਦੋ ਔਰਤਾਂ ਨੂੰ ਨਗਨ ਘੁਮਾਉਣ ਦਾ ਮਾਮਲਾ , ਪੁਲਿਸ ਨੇ ਹੀ ਔਰਤਾਂ ਨੂੰ ਭੀੜ ਦੇ ਹਵਾਲੇ ਕੀਤਾ ਸੀ ?

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੀ ਚਾਰਜਸ਼ੀਟ ’ਚ ਦਾਅਵਾ

CBI

Manipur chargesheet : ਮਨੀਪੁਰ ਵਿਚ ਦੋ ਔਰਤਾਂ ਨੂੰ ਨਗਨ ਘੁਮਾਉਣ ਦੇ ਮਾਮਲੇ ’ਚ ਸੀਬੀਆਈ ਨੇ ਚਾਰਜਸ਼ੀਟ ਦਾਖ਼ਲ ਕਰ ਦਿਤੀ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਕਰਮਚਾਰੀ ਕਥਿਤ ਤੌਰ ’ਤੇ ਕੂਕੀ-ਜੋਮੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਅਪਣੀ ਸਰਕਾਰੀ ਜਿਪਸੀ ਵਿਚ ਕਾਂਗਪੋਕਪੀ ਜ਼ਿਲ੍ਹੇ ਵਿਚ ਲਗਭਗ 1,000 ਮੀਤੀ ਦੰਗਾਕਾਰੀਆਂ ਦੀ ਭੀੜ ਵਿਚ ਲੈ ਗਏ ਸਨ।

ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਰਾਜ ਵਿਚ ਜਾਤੀ ਹਿੰਸਾ ਦੌਰਾਨ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਪਹਿਲਾਂ ਦੋਵਾਂ ਔਰਤਾਂ ਨੂੰ ਨੰਗਾ ਕਰ ਦਿਤਾ ਗਿਆ ਅਤੇ ਘੁਮਾਇਆ ਗਿਆ। ਇੰਨਾਂ ਹੀ ਨਹੀਂ, ਭੀੜ ਨੇ ਉਸੇ ਪ੍ਰਵਾਰ ਦੀ ਤੀਜੀ ਔਰਤ ’ਤੇ ਵੀ ਹਮਲਾ ਕਰ ਦਿਤਾ ਅਤੇ ਉਸ ਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਭੱਜਣ ਵਿਚ ਕਾਮਯਾਬ ਹੋ ਗਈ।

ਚਾਰਜਸ਼ੀਟ ਅਨੁਸਾਰ ਤਿੰਨਾਂ ਪੀੜਤਾਂ ਨੇ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ ਮਦਦ ਮੰਗੀ ਸੀ ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਦਿਤੀ ਗਈ। ਇਨ੍ਹਾਂ ਵਿਚੋਂ ਇਕ ਔਰਤ ਕਾਰਗਿਲ ਦੀ ਜੰਗ ਵਿਚ ਹਿੱਸਾ ਲੈਣ ਵਾਲੇ ਫ਼ੌਜੀ ਦੀ ਪਤਨੀ ਸੀ। ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਉਸ ਨੂੰ ਸੁਰੱਖਿਅਤ ਥਾਂ ’ਤੇ ਲਿਜਾਣ ਲਈ ਕਿਹਾ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਉਸ ਨੂੰ ਕਿਹਾ ਕਿ ਉਨ੍ਹਾਂ ਕੋਲ ਗੱਡੀ ਦੀਆਂ ਚਾਬੀਆਂ ਨਹੀਂ ਹਨ।

ਜ਼ਿਕਰਯੋਗ ਹੈ ਕਿ 4 ਮਈ 2023 ਨੂੰ ਵਾਪਰੀ ਇਸ ਘਟਨਾ ਦਾ ਵੀਡੀਉ ਇਸ ਦੇ ਵਾਪਰਨ ਦੇ ਕਰੀਬ ਦੋ ਮਹੀਨੇ ਬਾਅਦ ਪਿਛਲੇ ਸਾਲ ਜੁਲਾਈ ’ਚ ਜਾਰੀ ਕੀਤਾ ਗਿਆ ਸੀ। ਵੀਡੀਉ ਵਿਚ ਦੋ ਔਰਤਾਂ ਨੂੰ ਮਰਦਾਂ ਦੀ ਭੀੜ ’ਚ ਨਗਨ ਹਾਲਤ ’ਚ ਘੁਮਾਉਂਦੇ ਹੋਏ ਦਿਖਾਇਆ ਗਿਆ ਸੀ। ਪਿਛਲੇ ਸਾਲ 16 ਅਕਤੂਬਰ ਨੂੰ ਸੀਬੀਆਈ ਨੇ ਗੁਹਾਟੀ ਦੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਅੱਗੇ 6 ਮੁਲਜ਼ਮਾਂ ਵਿਰੁਧ ਚਾਰਜਸ਼ੀਟ ਅਤੇ ਸੀਸੀਐਲ ਵਿਰੁਧ ਰਿਪੋਰਟ ਦਾਖ਼ਲ ਕੀਤੀ ਸੀ। 

ਇਲਜਾਮ ਹੈ ਕਿ ਦੋਵੇਂ ਔਰਤਾਂ ਏਕੇ ਰਾਈਫ਼ਲ, ਐਸਐਲਆਰ, ਇੰਸਾਸ ਅਤੇ 303 ਰਾਈਫ਼ਲ ਵਰਗੇ ਆਧੁਨਿਕ ਹਥਿਆਰਾਂ ਨਾਲ ਲੈਸ 900 ਤੋਂ 1000 ਲੋਕਾਂ ਦੀ ਭੀੜ ਤੋਂ ਭੱਜ ਰਹੀਆਂ ਸਨ। ਇਸ ਵਿਚ ਕਿਹਾ ਗਿਆ ਹੈ ਕਿ ਭੀੜ ਨੇ ਸੈਕੁਲ ਥਾਣੇ ਤੋਂ ਲਗਭਗ 68 ਕਿਲੋਮੀਟਰ ਦਖਣ ਵਿਚ ਕੰਗਪੋਕਪੀ ਜ਼ਿਲ੍ਹੇ ਵਿਚ ਉਸ ਦੇ ਪਿੰਡ ਬੀ ਫੇਨੋਮ ਵਿਚ ਸਾਰੇ ਘਰਾਂ ਨੂੰ ਤੋੜ ਦਿਤਾ ਅਤੇ ਅੱਗ ਲਗਾ ਦਿਤੀ।