2 ਮਹੀਨੇ ਬਾਅਦ ਸਾਊਦੀ ਅਤੇ ਯੇਰੂਸ਼ਲਮ 'ਚ ਖੋਲ੍ਹੀਆਂ ਗਈਆਂ 90 ਹਜ਼ਾਰ ਮਸਜਿਦਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਊਦੀ ਅਰਬ ਵਿਚ 2 ਮਹੀਨੇ ਬਾਅਦ ਐਤਵਾਰ ਨੂੰ ਹਜ਼ਾਰਾਂ ਮਸਜਿਦਾਂ ਦੁਬਾਰਾ ਖੋਲ੍ਹ ਦਿਤੀਆਂ ਗਈਆਂ

File Photo

ਦੁਬਈ, 31 ਮਈ : ਸਾਊਦੀ ਅਰਬ ਵਿਚ 2 ਮਹੀਨੇ ਬਾਅਦ ਐਤਵਾਰ ਨੂੰ ਹਜ਼ਾਰਾਂ ਮਸਜਿਦਾਂ ਦੁਬਾਰਾ ਖੋਲ੍ਹ ਦਿਤੀਆਂ ਗਈਆਂ।ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸ਼ਰਧਾਲੂਆਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਮੱਕਾ ਵਿਚ ਇਸਲਾਮ ਦਾ ਸਭ ਤੋਂ ਪਵਿੱਤਰ ਸਥਲ ਜਨਤਾ ਦੇ ਲਈ ਬੰਦ ਸੀ। ਮੱਧ ਮਾਰਚ ਵਿਚ ਬੰਦ ਕੀਤੀ ਗਈ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਨੂੰ ਵੀ ਖੋਲ੍ਹ ਦਿਤਾ ਗਿਆ ਹੈ।ਸਾਊਦੀ ਅਰਬ ਦੇ ਮੱਕਾ ਅਤੇ ਮਦੀਨਾ ਦੇ ਬਾਅਦ ਅਲ-ਅਕਲੀ ਇਸਲਾਮ ਦਾ ਤੀਜਾ ਸਭ ਤੋਂ ਪਵਿੱਤਰ ਸਥਲ ਹੈ।

ਐਤਵਾਰ ਨੂੰ ਮਸਜਿਦ ਖੁੱਲ੍ਹਣ ਤੋਂ ਪਹਿਲਾਂ ਉਸ ਦੇ ਮੁੱਖ ਦਰਵਾਜੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ। ਬਹੁਤ ਸਾਰੇ ਸ਼ਰਧਾਲੂਆਂ ਨੇ ਮਾਸਕ ਲਗਾਇਆ ਹੋਇਆ ਸੀ। ਅੰਦਰ ਦਾਖ਼ਲ ਹੁੰਦੇ ਹੀ ਸ਼ਰਧਾਲੂਆਂ ਨੇ ਸਰੀਰ ਦਾ ਤਾਪਮਾਨ ਦਰਜ ਕਰਾਉਣ ਤੋਂ ਇਨਕਾਰ ਕਰ ਦਿਤਾ। ਸਾਊਦੀ ਅਰਬ ਵਿਚ ਸਰਕਾਰ ਨੇ 90,000 ਮਸਜਿਦਾਂ ਨੂੰ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਕੁਰਾਨ ਰਖਣ ਵਾਲੇ ਸਥਾਨ, ਨਮਾਜ਼ ਪੜ੍ਹਨ ਦੇ ਕਾਲੀਨਾਂ ਅਤੇ ਟਾਇਲਟਾਂ ਨੂੰ ਸੈਨੇਟਾਈਜ਼ ਕਰਵਾਇਆ।  
(ਪੀਟੀਆਈ)

ਲੱਖਾਂ ਲੋਕਾਂ ਦੇ ਮੋਬਾਈਲ 'ਤੇ ਭੇਜੇ ਨਮਾਜ਼ ਪੜ੍ਹਨ ਦੇ ਨਵੇਂ ਨਿਯਮ
ਇਸਲਾਮਿਕ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਮਸਜਿਦਾਂ ਵਿਚ ਨਮਾਜ਼ ਪੜ੍ਹਨ ਦੇ ਨਵੇਂ ਨਿਯਮਾਂ ਦੇ ਬਾਰੇ ਵਿਚ ਲੱਖਾਂ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿਚ ਮੋਬਾਈਲ 'ਤੇ ਸੰਦੇਸ਼ ਭੇਜੇ ਗਏ। ਨਵੇਂ ਨਿਯਮਾਂ ਦੇ ਮੁਤਾਬਕ ਨਮਾਜ਼ ਪੜ੍ਹਦੇ ਸਮੇਂ ਦੋ ਮੀਟਰ ਦੀ ਦੂਰੀ ਰਖਣੀ, ਹਰ ਸਮੇਂ ਮਾਸਕ ਲਗਾਉਣਾ ਅਤੇ ਹੱਥ ਮਿਲਾਉਣ ਜਾਂ ਗਲੇ ਲੱਗਣ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਸਜਿਦ ਵਿਚ ਆਉਣ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ। ਬਜ਼ੁਰਗ ਅਤੇ ਬੀਮਾਰ ਲੋਕਾਂ ਨੂੰ ਘਰਾਂ ਵਿਚ ਨਮਾਜ਼ ਪੜ੍ਹਨ ਲਈ ਕਿਹਾ ਗਿਆ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਲਾਜ਼ਮੀ ਤੌਰ 'ਤੇ ਘਰੋਂ ਹੀ ਨਹਾ ਕੇ ਆਉਣ ਕਿਉਂਕਿ ਮਸਜਿਦਾਂ ਦੇ ਟਾਇਲਟ ਬੰਦ ਰਹਿਣਗੇ। ਲੋਕਾਂ ਨੂੰ ਨਮਾਜ਼ ਪੜ੍ਹਨ ਦੇ ਲਈ ਅਪਣੇ ਕਾਲੀਨ ਲਿਆਉਣ ਲਈ ਕਿਹਾ ਗਿਆ ਹੈ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਹਿਦਾਇਤ ਦਿਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਕੁਰਾਨ ਦੀ ਅਪਣੀ ਕਾਪੀ ਲਿਆਉਣ ਲਈ ਕਿਹਾ ਗਿਆ ਹੈ।