ਅਦਾਲਤ ’ਚ ਮੇਰੇ ਨਾਲ ਕੁੱਟਮਾਰ ਹੋਈ : ਸਿਸੋਦੀਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਸੋਦੀਆ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਪੇਸ਼ ਕਰਨ ਦਾ ਹੁਕਮ

Manish Sisodia

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਹੈ ਕਿ ਕਥਿਤ ਆਬਕਾਰੀ ਘਪਲਾ ਮਾਮਲੇ ਦੀ ਸੁਣਵਾਈ ਦੌਰਾਨ ਸੁਰਖਿਆ ਮੁਲਾਜ਼ਮਾਂ ਨੇ 23 ਮਈ ਨੂੰ ਉਨ੍ਹਾਂ ਨਾਲ ਕੁਟਮਾਰ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਉਸ ਦਿਨ ਦੀ ਅਦਾਲਤ ਅੰਦਰਲੀ ਸੀ.ਸੀ.ਟੀ.ਵੀ. ਫ਼ੁਟੇਜ ਨੂੰ ਸੁਰਖਿਅਤ ਰੱਖਣ ਦਾ ਹੁਕਮ ਦਿਤਾ। 

ਦੂਜੇ ਪਾਸੇ ਸਿਸੋਦੀਆ ਦੇ ਦੋਸ਼ ਮਗਰੋਂ ਪੁਲਿਸ ਨੇ ਬਿਨੈ ਦਾਇਰ ਕਰਕੇ ਉਨ੍ਹਾਂ ਨੂੰ ਸਿਰਫ਼ ਵੀਡੀਆ ਕਾਨਫ਼ਰੰਸ ਰਾਹੀਂ ਪੇਸ਼ ਕਰਨ ਲਈ ਅਦਾਲਤ ਦੀ ਇਜਾਜ਼ਤ ਮੰਗੀ ਅਤੇ ਕਿਹਾ ਕਿ ਅਦਾਲਤ ’ਚ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਦੀ ਭੀੜ ਅਤੇ ਮੀਡੀਆ ਦੀ ਮੌਜੂਦਗੀ ਕਰਕੇ ‘ਅਰਾਜਕਤਾ ਪੈਦਾ ਹੁੰਦੀ ਹੈ’। 

ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਦੋਹਾਂ ਬਿਨੈ ’ਤੇ ਫ਼ੈਸਲਾ ਮੁਲਤਵੀ ਰਹਿਣ ਤਕ ਸਿਸੋਦੀਆ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਪੇਸ਼ ਕਰਨ ਦਾ ਹੁਕਮ ਦਿਤਾ।

ਸਿਸੋਦੀਆ ਨੂੰ ਵੀਰਵਾਰ ਨੂੰ ਵੀਡੀਆ ਕਾਨਫ਼ਰੰਸ ਜ਼ਰੀਏ ਪੇਸ਼ ਕੀਤਾ ਗਿਆ। ਸਿਸੋਦੀਆ ਨੂੰ ਆਬਕਾਰੀ ਨੀਤੀ ਦੇ ਨਿਰਮਾਣ ਅਤੇ ਲਾਗੂ ਕਰਨ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਫਿਲਹਾਲ ਤਿਹਾੜ ਜੇਲ ’ਚ ਬੰਦ ਹਨ।