ਗੁਰੂ ਨਾਨਕ ਦੇਵ ਜੀ ਸਾਡੇ ਜਨਮ ਤੋਂ ਪਹਿਲਾਂ ਹੀ ਭਾਰਤ ਨੂੰ ਜੋੜ ਰਹੇ ਸਨ : ਰਾਹੁਲ ਗਾਂਧੀ 

ਏਜੰਸੀ

ਖ਼ਬਰਾਂ, ਰਾਸ਼ਟਰੀ

"ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ,ਥਾਈਲੈਂਡ, ਸ਼੍ਰੀਲੰਕਾ ਗਏ ਸਨ। ਇਹ ਵੱਡੇ ਲੋਕ ਸਾਡੇ ਜਨਮ ਤੋਂ ਬਹੁਤ ਪਹਿਲਾਂ ਭਾਰਤ ਨੂੰ ਜੋੜ ਰਹੇ ਸਨ।"

Rahul Gandhi

ਨਵੀਂ  ਦਿੱਲੀ -  ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ 10 ਦਿਨਾਂ ਦੇ ਦੌਰੇ 'ਤੇ ਅਮਰੀਕਾ ਪਹੁੰਚੇ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸਾਨ ਫਰਾਂਸਿਸਕੋ 'ਚ ਭਾਰਤੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਬਾਰੇ ਅਜਿਹਾ ਦਾਅਵਾ ਕੀਤਾ, ਜਿਸ ਤੋਂ ਬਾਅਦ ਕਈ ਲੋਕ ਉਨ੍ਹਾਂ ਦੇ ਗਿਆਨ 'ਤੇ ਸਵਾਲ ਉਠਾ ਰਹੇ ਹਨ। 

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਦਿੱਤੇ ਭਾਸ਼ਣ ਵਿਚ ਦਾਅਵਾ ਕੀਤਾ ਕਿ ਉਹ ਮੱਕਾ, ਥਾਈਲੈਂਡ ਅਤੇ ਸ੍ਰੀਲੰਕਾ ਦਾ ਦੌਰਾ ਕਰ ਚੁੱਕੇ ਹਨ। ਰਾਹੁਲ ਗਾਂਧੀ ਦੇ ਭਾਸ਼ਣ ਦਾ ਇਹ ਹਿੱਸਾ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। 

ਇਸ 'ਚ ਸੱਤਾਧਾਰੀ ਪਾਰਟੀ ਭਾਜਪਾ ਦੇ ਕਈ ਨੇਤਾ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰ ਰਾਹੁਲ ਗਾਂਧੀ ਦੀ ਇਸ ਜਾਣਕਾਰੀ 'ਤੇ ਸਵਾਲ ਚੁੱਕ ਰਹੇ ਹਨ। ਦਰਅਸਲ ਸਾਨ ਫਰਾਂਸਿਸਕੋ 'ਚ ਰਾਹੁਲ ਗਾਂਧੀ ਦਾ ਭਾਸ਼ਣ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਕੁਝ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 

ਸਮਾਗਮ ਵਿਚ ਮੌਜੂਦ ਲੋਕਾਂ ਮੁਤਾਬਕ ਖਾਲਿਸਤਾਨੀਆਂ ਦੇ ਨਾਅਰੇਬਾਜ਼ੀ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਨਫ਼ਰਤ ਦੇ ਸ਼ਹਿਰ ਵਿਚ ਪਿਆਰ ਦੀ ਦੁਕਾਨ।" ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੀ 'ਭਾਰਤ ਜੋੜੋ ਯਾਤਰਾ' ਦਾ ਜ਼ਿਕਰ ਕੀਤਾ।ਰਾਹੁਲ ਗਾਂਧੀ ਨੇ ਕਿਹਾ, "ਭਾਰਤ ਜੋੜੋ ਯਾਤਰਾ ਇੱਕ ਵਿਚਾਰ ਹੈ, ਜੋ ਤੁਹਾਡੇ ਦਿਲਾਂ ਵਿਚ ਹੈ, ਇਹ ਇੱਕ ਦੂਜੇ ਨੂੰ ਸਤਿਕਾਰ ਦੇਣ ਅਤੇ ਇੱਕ ਦੂਜੇ ਨਾਲ ਜੁੜੇ ਰਹਿਣ ਬਾਰੇ ਹੈ।

ਇਹ ਇੱਕ ਦੂਜੇ ਪ੍ਰਤੀ ਹਿੰਸਕ ਨਾ ਹੋਣ ਬਾਰੇ ਹੈ। ਇਹ ਹੰਕਾਰ ਨਾ ਦਿਖਾਉਣ ਬਾਰੇ ਹੈ।ਰਾਹੁਲ ਗਾਂਧੀ ਨੇ ਫਿਰ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਅਤੇ ਕਿਹਾ, "ਮੈਂ ਇੱਥੇ ਆਪਣੇ ਸਿੱਖ ਭਰਾਵਾਂ ਨੂੰ ਦੇਖ ਰਿਹਾ ਹਾਂ। ਤੁਹਾਡੇ ਗੁਰੂ ਨਾਨਕ ਜੀ ਦਾ ਸਾਰਾ ਜੀਵਨ ਇਸੇ ਲਈ ਸੀ। ਇਹੋ ਗੱਲ ਸੀ- ਨਿਮਰ ਬਣੋ, ਸਹਿਜਤਾ ਨਾਲ ਰਹੋ, ਗੁਰੂ ਜੀ ਦੀ ਤੁਲਨਾ ਵਿਚ ਅਸੀਂ ਕੁਝ ਵੀ ਨਹੀਂ ਚਲੇ। 

ਰਾਹੁਲ ਗਾਂਧੀ ਨੇ ਅੱਗੇ ਕਿਹਾ, "ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ ਗਏ ਸਨ। ਉਹ ਥਾਈਲੈਂਡ ਗਏ ਸਨ, ਉਹ ਸ਼੍ਰੀਲੰਕਾ ਗਏ ਸਨ। ਇਹ ਵੱਡੇ ਲੋਕ ਸਾਡੇ ਜਨਮ ਤੋਂ ਬਹੁਤ ਪਹਿਲਾਂ ਭਾਰਤ ਨੂੰ ਜੋੜ ਰਹੇ ਸਨ।"

 

 

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਪੱਛਮੀ ਏਸ਼ੀਆ ਦੇ ਕਈ ਖੇਤਰਾਂ ਦਾ ਦੌਰਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਮੌਜੂਦਾ ਬੰਗਲਾਦੇਸ਼ ਅਤੇ ਅਜੋਕੇ ਪਾਕਿਸਤਾਨ ਦੇ ਖੇਤਰਾਂ ਦੀ ਯਾਤਰਾ ਕੀਤੀ। ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ਼੍ਰੀਲੰਕਾ, ਲੱਦਾਖ ਅਤੇ ਤਿੱਬਤ ਵੀ ਗਏ ਸੀ। 

ਗੁਰੂ ਨਾਨਕ ਜੀ ਦੀ ਚੌਥੀ ਉਦਾਸੀ ਵਿਚ ਮੱਕਾ ਅਤੇ ਮਦੀਨੇ ਦੀ ਯਾਤਰਾ ਦਾ ਜ਼ਿਕਰ ਹੈ। ਗੁਰੂ ਨਾਨਕ ਦੇਵ ਜੀ ਥਾਈਲੈਂਡ ਗਏ ਸਨ, ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਉਹਨਾਂ ਦਾ ਵਿਰੋਧ ਕਰ ਰਹੇ ਹਨ।