Delhi Excise Policy Case : ED ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ, ਜਾਣੋ ਕੀ ਕਿਹਾ ਅਦਾਲਤ ਨੇ
ਅਦਾਲਤ ਨੇ ਮੁੱਖ ਮੰਤਰੀ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਫੈਸਲਾ 5 ਜੂਨ ਤੱਕ ਰਾਖਵਾਂ ਰੱਖ ਲਿਆ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਜ਼ੀ ’ਤੇ ਅਪਣਾ ਫੈਸਲਾ 5 ਜੂਨ ਲਈ ਰਾਖਵਾਂ ਰੱਖ ਲਿਆ ਹੈ।
ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਅਪਣਾ ਫੈਸਲਾ ਸੁਰੱਖਿਅਤ ਰੱਖਦਿਆਂ ਕਿਹਾ ਕਿ ਅਰਜ਼ੀ ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ਲਈ ਹੈ ਨਾ ਕਿ ਸੁਪਰੀਮ ਕੋਰਟ ਵਲੋਂ ਦਿਤੀ ਗਈ ਅੰਤਰਿਮ ਜ਼ਮਾਨਤ ਵਧਾਉਣ ਲਈ। ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਨੇ 1 ਜੂਨ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਸੀ। ਉਨ੍ਹਾਂ ਨੂੰ ਐਤਵਾਰ ਨੂੰ ਆਤਮ ਸਮਰਪਣ ਕਰਨਾ ਪਵੇਗਾ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਨਿਚਰਵਾਰ ਨੂੰ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਈ.ਡੀ. ਨੇ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਤੱਥਾਂ ਨੂੰ ਲੁਕਾਇਆ ਅਤੇ ਅਪਣੀ ਸਿਹਤ ਸਮੇਤ ਕਈ ਮਾਮਲਿਆਂ ’ਤੇ ਝੂਠੇ ਬਿਆਨ ਦਿਤੇ।
ਉਨ੍ਹਾਂ ਵਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦਸਿਆ ਕਿ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ’ਚ ਗੁਮਰਾਹਕੁੰਨ ਦਾਅਵਾ ਕੀਤਾ ਸੀ ਕਿ ਉਹ 2 ਜੂਨ ਨੂੰ ਆਤਮਸਮਰਪਣ ਕਰਨਗੇ। ਕੇਜਰੀਵਾਲ ਨੇ ਸਿਹਤ ਦੇ ਆਧਾਰ ’ਤੇ ਅੰਤਰਿਮ ਜ਼ਮਾਨਤ ਨੂੰ ਇਕ ਹਫ਼ਤੇ ਲਈ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਅਰਵਿੰਦ ਕੇਜਰੀਵਾਲ ਬਿਮਾਰ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ।
ਇਸ ’ਤੇ ਈ.ਡੀ. ਨੇ ਕਿਹਾ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਅਪਣੀ ਅੰਤਰਿਮ ਜ਼ਮਾਨਤ ਦੀ ਮਿਆਦ ਦੌਰਾਨ ਪ੍ਰਚਾਰ ਕੀਤਾ ਅਤੇ ਹੁਣ ਉਹ ਅਚਾਨਕ ਦਾਅਵਾ ਕਰ ਰਹੇ ਹਨ ਕਿ ਉਹ ਬਿਮਾਰ ਹਨ। ਅਦਾਲਤ ਨੇ ਅਦਾਲਤ ਨੂੰ ਦਸਿਆ ਕਿ ਜੇ ਕਿਸੇ ਮੈਡੀਕਲ ਟੈਸਟ ਦੀ ਲੋੜ ਪਈ ਤਾਂ ਇਹ ਜੇਲ੍ਹ ਦੇ ਅੰਦਰ ਕੀਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਕੇਜਰੀਵਾਲ ਨੂੰ ਏਮਜ਼ ਜਾਂ ਕਿਸੇ ਹੋਰ ਹਸਪਤਾਲ ਲਿਜਾਇਆ ਜਾਵੇਗਾ।
ਭਾਜਪਾ ਆਗੂ ਵਿਜੇ ਗੋਇਲ ਨੇ ਅਰਵਿੰਦ ਕੇਜਰੀਵਾਲ ਲਈ ਐਂਬੂਲੈਂਸ ਭੇਜੀ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਵਿਜੇ ਗੋਇਲ ਨੇ ਸਨਿਚਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਣ ਲਈ ਐਂਬੂਲੈਂਸ ਭੇਜੀ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਉਹ ਗੰਭੀਰ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ।
ਐਂਬੂਲੈਂਸ ਅਤੇ ਗੋਇਲ ਨੂੰ ਅੱਜ ਇੱਥੇ ਸਿਵਲ ਲਾਈਨਜ਼ ਇਲਾਕੇ ’ਚ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਰੋਕ ਲਿਆ। ਗੋਇਲ ਨੇ ਦੋਸ਼ ਲਾਇਆ ਕਿ ਕੇਜਰੀਵਾਲ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਅਪਣੀ ਸਿਹਤ ਦੇ ਮੁੱਦਿਆਂ ਦਾ ਹਵਾਲਾ ਦੇ ਕੇ ‘ਨੌਟੰਕੀ’ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਇਹ ਐਂਬੂਲੈਂਸ ਕੇਜਰੀਵਾਲ ਨੂੰ ਕਿਸੇ ਵੀ ਹਸਪਤਾਲ ਲਿਜਾਣ ਲਈ ਸੀ ਜਿੱਥੇ ਉਹ ਦੋ ਤੋਂ ਚਾਰ ਘੰਟਿਆਂ ਦੇ ਅੰਦਰ ਅਪਣੇ ਸਾਰੇ ਟੈਸਟ ਕਰਵਾ ਸਕਦੇ ਸਨ।’’
ਸਾਬਕਾ ਕੇਂਦਰੀ ਮੰਤਰੀ ਗੋਇਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਪਣੀ ਸਿਹਤ ਨੂੰ ਲੈ ਕੇ ਚਿੰਤਤ ਹਨ ਤਾਂ ਉਨ੍ਹਾਂ ਨੂੰ ਇਹ ‘ਨੌਟੰਕੀ’ ਬੰਦ ਕਰਨੀ ਚਾਹੀਦੀ ਹੈ ਅਤੇ ਅਪਣੀ ਜਾਂਚ ਕਰਵਾਉਣ ਲਈ ਉਨ੍ਹਾਂ ਦੇ ਨਾਲ ਜਾਣਾ ਚਾਹੀਦਾ ਹੈ।