ਮਾਲਿਆ ਦੀ ਅਦਾਲਤ 'ਚ ਪੇਸ਼ੀ 27 ਅਗੱਸਤ ਨੂੰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਦੀ ਇਕ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਅੱਜ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਇਕ ਅਰਜ਼ੀ 'ਤੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਤਲਬ...

Vijay Mallya

ਮੁੰਬਈ,  ਮੁੰਬਈ ਦੀ ਇਕ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਅੱਜ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਇਕ ਅਰਜ਼ੀ 'ਤੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ 27 ਅਗੱਸਤ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿਤਾ। ਈ.ਡੀ. ਨੇ ਉਕਤ ਅਰਜ਼ੀ ਮਾਲਿਆ ਵਿਰੁਧ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਬੈਂਕ ਧੋਖਾਧੜੀ ਮਾਮਲੇ 'ਚ ਭਗੌੜਾ ਆਰਥਕ ਅਪਰਾਧੀ ਆਰਡੀਨੈਂਸ ਤਹਿਤ ਕਾਰਵਾਈ ਦੀ ਅਪੀਲ ਕੀਤੀ ਸੀ।

ਕਾਲੇ ਧਨ ਨੂੰ ਚਿੱਟਾ ਕਰਨ ਵਿਰੋਧੀ ਕਾਨੂੰਨ (ਪੀ.ਐਮ.ਐਲ.ਏ.) ਹੇਠ ਮਾਮਲਿਆਂ ਨੂੰ ਵੇਖਣ ਵਾਲੇ ਵਿਸ਼ੇਸ਼ ਜੱਜ ਐਮ.ਐਸ. ਆਜ਼ਮੀ ਨੇ ਮਾਲਿਆ ਵਿਰੁਧ ਨੋਟਿਸ ਜਾਰੀ ਕੀਤਾ। ਵਿਸ਼ੇਸ਼ ਜੱਜ ਨੇ ਮਾਲਿਆ ਵਿਰੁਧ ਉਕਤ ਨੋਟਿਸ ਈ.ਡੀ. ਵਲੋਂ ਹਾਲ ਹੀ 'ਚ ਦਾਇਰ ਦੂਜੀ ਚਾਰਜਸ਼ੀਟ ਅਤੇ ਭਗੌੜਾ ਆਰਥਕ ਅਪਰਾਧ ਟੈਗ ਦੀ ਮੰਗ ਕਰਦਿਆਂ ਉਸ ਵਲੋਂ 22 ਜੂਨ ਨੂੰ ਦਾਇਰ ਅਰਜ਼ੀ 'ਤੇ ਨੋਟਿਸ ਲੈਂਦਿਆਂ ਜਾਰੀ ਕੀਤਾ।

ਇਹ ਪਹਿਲੀ ਵਾਰੀ ਹੈ ਜਦੋਂ ਮੋਦੀ ਸਰਕਾਰ ਵਲੋਂ ਭਗੌੜੇ ਬੈਂਕ ਕਰਜ਼ਾ ਅਪਰਾਧੀਆਂ ਨਾਲ ਨਜਿੱਠਣ ਲਈ ਹਾਲ ਹੀ 'ਚ ਜਾਰੀ ਆਰਡੀਨੈਂਸ ਹੇਠ ਕਾਰਵਾਈ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਮਾਲਿਆ ਅਤੇ ਹੋਰ ਭਗੌੜੇ ਆਰਥਕ ਅਪਰਾਧੀਆਂ ਦੀ ਲਗਭਗ 12500 ਕਰੋੜ ਰੁਪਏ ਦੀ ਕੀਮਤ ਦੀ ਜਾਇਦਾਦ ਤੁਰਤ ਜ਼ਬਤ ਕਰਨ ਲਈ ਅਪੀਲ ਕੀਤੀ ਹੈ।

ਜੇਕਰ ਮਾਲਿਆ ਅਦਾਲਤ ਸਾਹਮਣੇ ਪੇਸ਼ ਨਾ ਹੋਇਆ ਤਾਂ ਉਸ ਲਈ ਇਹ ਖ਼ਤਰਾ ਹੋਵੇਗਾ ਕਿ ਉਸ ਨੂੰ ਇਕ ਭਗੌੜਾ ਆਰਥਕ ਅਪਰਾਧੀ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਸ ਨਾਲ ਜੁੜੀ ਜਾਇਦਾਦ ਦੀ ਜ਼ਬਤ ਕੀਤੀ ਜਾ ਸਕਦੀ ਹੈ। ਅਦਾਲਤ ਨੇ ਇਸ ਤੋਂ ਪਹਿਲਾਂ ਈ.ਡੀ. ਵਲੋਂ ਦਰਜ ਦੋ ਮਾਮਲਿਆਂ 'ਚ ਮਾਲਿਆ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।  (ਪੀਟੀਆਈ)