ਅਗਲੇ ਤਿੰਨ ਦਿਨਾਂ ਤਕ ਮੋਹਲੇਧਾਰ ਮੀਂਹ ਪੈਣ ਦੀ ਭਵਿੱਖਬਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ-ਪਛਮੀ ਮਾਨਸੂਨ ਦਾ ਅੱਜ ਸੱਭ ਤੋਂ ਜ਼ਿਆਦਾ ਅਸਰ ਗੁਜਰਾਤ, ਕੋਂਕਣ, ਗੋਆ, ਜੰਮੂ-ਕਸ਼ਮੀਰ ਅਤੇ ਮੇਘਾਲਿਆ ਦੇ ਸਾਰੇ ਇਲਾਕਿਆਂ 'ਚ ਰਹਿਣ ਕਰ ਕੇ ਪਏ ਮੀਂਹ...

Mohledhar

ਨਵੀਂ ਦਿੱਲੀ, ਉੱਤਰ-ਪਛਮੀ ਮਾਨਸੂਨ ਦਾ ਅੱਜ ਸੱਭ ਤੋਂ ਜ਼ਿਆਦਾ ਅਸਰ ਗੁਜਰਾਤ, ਕੋਂਕਣ, ਗੋਆ, ਜੰਮੂ-ਕਸ਼ਮੀਰ ਅਤੇ ਮੇਘਾਲਿਆ ਦੇ ਸਾਰੇ ਇਲਾਕਿਆਂ 'ਚ ਰਹਿਣ ਕਰ ਕੇ ਪਏ ਮੀਂਹ ਮਗਰੋਂ ਮਾਨਸੂਨ ਦਾ ਰੁਖ਼ ਉੱਤਰੀ ਭਾਰਤ ਵਲ ਮੁੜ ਗਿਆ ਹੈ।ਮੌਸਮ ਵਿਭਾਗ ਵਲੋਂ ਜਾਰੀ ਭਵਿੱਖਬਾਣੀ ਅਨੁਸਾਰ ਇਕ ਤੋਂ ਛੇ ਜੁਲਾਈ ਤਕ ਮਾਨਸੂਨ ਹਿਮਾਲਿਆ ਦੇ ਤਰਾਈ ਵਾਲੇ ਖੇਤਰਾਂ 'ਚ ਸਰਗਰਮ ਰਹੇਗਾ।

ਨਤੀਜੇ ਵਜੋਂ ਪਛਮੀ ਹਿਮਾਲਿਆਈ ਖੇਤਰ 'ਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸÊਅਤੇ ਉੱਤਰ ਪ੍ਰਦੇਸ਼ ਦੇ ਉੱਤਰੀ ਇਲਾਕਿਆਂ 'ਚ ਜ਼ਿਆਦਾਤਰ ਥਾਵਾਂ ਜਦਕਿ ਪੰਜਾਬ, ਹਰਿਆਣਾ ਅਤੇ ਬਿਹਾਰ ਦੇ ਕੁੱਝ ਇਲਾਕਿਆਂ 'ਚ ਐਤਵਾਰ ਤੋਂ ਮੰਗਲਵਾਰ ਤਕ ਮੋਹਲੇਧਾਰ ਮੀਂਹ ਪੈਣ ਦੀ ਉਮੀਦ ਪ੍ਰਗਟਾਈ ਗਈ ਹੈ।
ਇਸ ਦੌਰਾਨ ਦਿੱਲੀ ਅਤੇ ਨੇੜਲੇ ਇਲਾਕਿਆਂ 'ਚ ਅਗਲੇ ਤਿੰਨ ਦਿਨਾਂ ਤਕ ਮਾਨਸੂਨ ਦਾ ਹਲਕਾ ਮੀਂਹ ਪੈ ਸਕਦਾ ਹੈ।

ਰਾਸ਼ਟਰੀ ਰਾਜਧਾਨੀ ਖੇਤਰ 'ਚ ਬੱਦਲ ਛਾਏ ਰਹਿਣ ਕਰ ਕੇ ਤਾਪਮਾਨ 'ਚ ਕਮੀ ਦਾ ਦੌਰ ਬਰਕਰਾਰ ਰਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ ਇਸ ਦੌਰਾਨ ਉਮਸ ਭਰੀ ਗਰਮੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।ਉਧਰ ਕਸ਼ਮੀਰ 'ਚ ਰੁਕ-ਰੁਕ ਕੇ ਮੀਂਹ ਜਾਰੀ ਰਹਿਣ ਮਗਰੋਂ ਵਾਦੀ 'ਚ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਦਕਿ ਵਾਦੀ ਦੇ ਦਖਣੀ ਹਿੱਸਿਆਂ 'ਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਅੱਜ ਗਰਮੀਆਂ ਦੀ ਰਾਜਧਾਨੀ ਸਮੇਤ ਮੱਧ ਕਸ਼ਮੀਰ ਦੇ ਹੇਠਲੇ ਇਲਾਕਿਆਂ 'ਚ ਵੀ ਹੜ੍ਹਾਂ ਦੀ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਚੌਕਸ ਰਹਿਣ ਅਤੇ ਨਿਕਾਸ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।

ਅਧਿਕਾਰੀਆਂ ਨੇ ਕਲ ਦਖਣੀ ਕਸ਼ਮੀਰ 'ਚ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਸੀ।ਪਹਿਲਗਾਮ ਅਤੇ ਬਾਲਟਾਲ ਦੋਵੇਂ ਹੀ ਮਾਰਗਾਂ 'ਤੇ ਅੱਜ ਖ਼ਰਾਬ ਮੌਸਮ ਕਰ ਕੇ ਅਮਰਨਾਥ ਯਾਤਰਾ ਰੋਕਣੀ ਪਈ। ਸ੍ਰੀ ਅਮਰਨਾਥ ਸ਼ਰੀਨ ਬੋਰਡ ਦੇ ਇਕ ਬੁਲਾਰੇ ਨੇ ਕਿਹਾ ਕਿ ਦੋਵੇਂ ਹੀ ਮਾਰਗਾਂ 'ਤੇ ਯਾਤਰਾ ਰੋਕਣੀ ਪਈ ਕਿਉਂਕਿ ਮੀਂਹ ਕਰ ਕੇ ਰਾਸਤੇ 'ਚ ਫਿਸਲਣ ਹੋ ਗਈ ਹੈ।

ਮੀਂਹ ਕਰ ਕੇ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਕਲ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿਗਣ ਦੀਆਂ ਘਟਨਾਵਾਂ ਵਾਪਰੀਆਂ। ਹੜ੍ਹਾਂ ਦੇ ਡਰ ਕਰ ਕੇ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ 'ਤੇ ਆਵਾਜਾਈ ਨੂੰ ਰੋਕ ਦਿਤਾ ਗਿਆ। ਆਵਾਜਾਈ ਰੋਕੜ ਕਰ ਕੇ ਦੋਵੇਂ ਪਾਸੇ ਸੈਂਕੜੇ ਦੀ ਗਿਣਤੀ 'ਚ ਗੱਡੀਆਂ ਫਸ ਗਈਆਂ ਹਨ। 

ਖ਼ਰਾਬ ਮੌਸਮ ਕਰ ਕੇ ਵਾਦੀ 'ਚ ਅੱਜ ਸਕੂਲ ਬੰਦ ਰਹੇ। ਸਿੰਜਾਈ ਵਿਭਾਗ ਨੇ ਕਿਹਾ ਕਿ ਰਾਮ ਮੁਣਸ਼ੀ ਬਾਗ਼ 'ਤੇ ਅੱਜ ਸਵੇਰੇ 10 ਵਜੇ ਯਾਨੀ ਕਿ 18 ਫ਼ੁੱਟ ਦੇ ਖ਼ਤਰੇ ਦੇ ਨਿਸ਼ਾਨ ਉੱਪਰ 20.87 ਫ਼ੁੱਟ ਵਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਜਿਹਲਮ ਨਦੀ ਅਤੇ ਹੋਰ ਨਦੀਆਂ ਦੇ ਕਿਨਾਰਿਆਂ 'ਤੇ ਰਹਿਣ ਵਾਲੇ ਲੋਕਾਂ ਅਤੇ ਮੱਧ ਕਸ਼ਮੀਰ ਦੇ ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿਤੀ ਗਈ ਹੈ। 

ਜੰਮੂ-ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਨੇ ਸੂਬੇ ਦੀਆਂ ਨਦੀਆਂ ਦੇ ਵਧਦੇ ਪੱਧਰ ਕਰ ਕੇ ਬਣੀ ਹਾਲਤ ਦੀ ਅੱਜ ਸਮੀਖਿਆ ਕੀਤੀ ਅਤੇ ਪ੍ਰਸ਼ਾਸਨ ਨੂੰ ਹੁਕਮ ਦਿਤਾ ਕਿ ਉਹ ਕਿਸੇ ਵੀ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਏਜੰਸੀਆਂ ਨੂੰ ਤਿਆਰ ਰੱਖੇ।            (ਪੀਟੀਆਈ)