ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ 17 ਓਬੀਸੀ ਜਾਤੀਆਂ ਦੇ ਅਨੁਸੂਚਿਤ ਜਾਤੀ ਸੂਚੀ ਵਿਚ ਸ਼ਾਮਲ ਕੀਤੇ ਜਾਣ 'ਤੇ ਪ੍ਰਦੇਸ਼ ਦੀ ਯੋਗੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਉਪ ਚੋਣਾਂ ਵਿਚ ਫ਼ਾਇਦਾ ਲੈਣ ਲਈ ਇਹ ਕਦਮ ਉਠਾ ਰਹੀ ਹੈ। ਮਾਇਆਵਤੀ ਨੇ ਲਖਨਊ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਹੀ ਹੈ ਤਾਂ ਅਨੁਸੂਚਿਤ ਜਾਤੀਆਂ ਦਾ ਰਾਖਵਾਂਕਰਨ ਵਧਾਇਆ ਜਾਵੇ ਜਿਸ ਨਾਲ ਰਾਖਵੇਂਕਰਨ ਵਿਚ ਸ਼ਾਮਲ ਹੋਈਆਂ 17 ਓਬੀਸੀ ਜਾਤੀਆਂ ਨੂੰ ਇਸ ਦਾ ਲਾਭ ਮਿਲ ਸਕੇ।
ਪਰ ਅਜਿਹਾ ਨਹੀਂ ਕੀਤਾ ਗਿਆ ਇਸ ਲਈ ਇਹ ਪੂਰੀ ਤਰ੍ਹਾਂ ਅਸੰਵਿਧਾਨਕ ਹੈ। ਉਹਨਾਂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਓਬੀਸੀ ਦੀ ਜਾਤੀਆਂ ਨੂੰ ਧੋਖਾ ਦੇਣ ਦਾ ਕੰਮ ਕਰ ਰਹੀ ਹੈ। ਮਾਇਆਵਤੀ ਨੇ ਕਿਹਾ ਕਿ ਇਸ ਪ੍ਰਕਾਰ ਤੋਂ ਪਹਿਲਾਂ ਜਦੋਂ ਸਮਾਜਵਾਦੀ ਪਾਰਟੀ ਦੀ ਸਰਕਾਰ ਦੁਆਰਾ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਅਤੇ ਅਸੰਵਿਧਾਨਕ ਤਰੀਕੇ ਨਾਲ 17 ਜਾਤੀਆਂ ਨੂੰ ਧੋਖਾ ਦੇਣ ਦੀ ਨੀਅਤ ਨਾਲ ਅਤੇ ਓਬੀਸੀ ਦੀਆਂ ਹੋਰਨਾਂ ਜਾਤੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਉਦੇਸ਼ ਨਾਲ ਆਦੇਸ਼ ਜਾਰੀ ਕੀਤੇ ਸਨ ਤਾਂ ਵੀ ਉਸ ਦਾ ਉਹਨਾਂ ਨੇ ਵਿਰੋਧ ਕੀਤਾ ਸੀ।
ਬੀਐਸਪੀ ਸੁਪਰੀਮੋ ਨੇ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਮੰਗ ਹੁੰਦੀ ਰਹੀ ਹੈ ਪਰ ਨਾ ਤਾਂ ਵਰਤਮਾਨ ਦ ਕੇਂਦਰ ਸਰਕਾਰ ਨੇ ਅਤੇ ਨਾ ਹੀ ਪਹਿਲਾਂ ਦੀ ਸਰਕਾਰ ਨੇ ਇਸ ਬਾਰੇ ਕੁੱਝ ਕੀਤਾ ਸੀ। ਦਸ ਦਈਏ ਕਿ ਯੋਗੀ ਸਰਕਾਰ ਨੇ ਪ੍ਰਦੇਸ਼ ਦੀਆਂ 17 ਜਾਤੀਆਂ ਨੂੰ ਅਨੁਸੂਚਿਤ ਜਾਤੀਆਂ ਵਿਚ ਸ਼ਾਮਲ ਕਰਨ ਲਈ ਆਦੇਸ਼ ਜਾਰੀ ਕੀਤਾ ਹੈ। ਉਦੋਂ ਹੀ ਪ੍ਰਦੇਸ਼ ਦੇ ਹੋਰ ਰਾਜਨੀਤਿਕ ਦਲਾਂ ਵਿਚ ਹਲਚਲ ਮਚੀ ਹੋਈ ਹੈ।