ਚੀਨ ਨੂੰ ਕੈਨੇਡਾ ਤੋਂ ਵੀ ਲੱਗੇਗਾ ਵੱਡਾ ਆਰਥਿਕ ਝਟਕਾ, ਚੀਨੀ ਵਸਤਾਂ ਦੇ ਬਾਈਕਾਟ ਲਈ ਲਾਮਬੰਦੀ ਸ਼ੁਰੂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਅੰਦਰ ਚੀਨੀ ਐਪਾਂ 'ਤੇ ਪਾਬੰਦੀ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਅੰਦਰ ਵੀ ਉੱਠਣ ਲੱਗੀ ਆਵਾਜ਼

Chinese products

ਨਵੀਂ ਦਿੱਲੀ : ਦੁਨੀਆਂ ਦੀ ਨੰਬਰ ਇਕ ਸ਼ਕਤੀ ਬਣਨ ਦੇ ਚੱਕਰ 'ਚ ਚੀਨ ਅਪਣੇ ਬੁਣੇ ਜਾਲ ਵਿਚ ਹੀ ਫਸਦਾ ਜਾ ਰਿਹਾ ਹੈ। ਦੁਨੀਆਂ 'ਚ ਅਪਣਾ ਸਮਾਨ ਵੇਚ ਕੇ ਖੁਦ ਨੂੰ ਸਰਬ-ਸ਼ਕਤੀ ਸੰਪੰਨ ਸਾਬਤ ਕਰਨ ਦੀ ਚੀਨ ਦੀ ਗ਼ਲਤੀ ਹੁਣ ਉਸ 'ਤੇ ਭਾਰੂ ਪੈਂਦੀ ਜਾ ਰਹੀ ਹੈ। ਚੀਨ ਦੂਜੇ ਦੇਸ਼ਾਂ ਅੰਦਰ ਅਪਣੀਆਂ ਵਸਤਾਂ ਖਪਾਉਣ ਦੇ ਨਾਲ-ਨਾਲ ਅਪਣੇ ਗੁਆਢੀਆਂ ਨੂੰ ਡਰਾ-ਧਮਕਾ ਕੇ ਰੱਖਣਾ ਚਾਹੁੰਦਾ। ਇਸ ਦੀ ਬਦੌਲਤ ਚੀਨ ਦੇ ਅਪਣੇ ਜ਼ਿਆਦਾਤਰ ਗੁਆਢੀਆਂ ਨਾਲ ਸਰਹੱਦੀ ਵਿਵਾਦ ਚੱਲ ਰਹੇ ਹਨ। ਇਸੇ ਦੌਰਾਨ ਅਮਰੀਕਾ ਸਮੇਤ ਦੁਨੀਆ ਦੇ ਵੱਡੇ ਦੇਸ਼ਾਂ ਅੰਦਰ ਚੀਨ ਖਿਲਾਫ਼ ਲਾਮਬੰਦੀ ਸ਼ੁਰੂ ਹੋ ਗਈ ਹੈ।

ਭਾਰਤ ਪਹਿਲਾਂ ਹੀ ਚੀਨ ਦੇ 59 ਐਪਸ 'ਤੇ ਪਾਬੰਦੀ ਤੋਂ ਇਲਾਵਾ ਚੀਨ ਦਾ ਬਣੇ ਬਾਕੀ ਸਮਾਨ ਨੂੰ ਵੀ ਭਾਰਤ ਅੰਦਰ ਹੀ ਨਿਰਮਾਣ ਕਰਨ ਦੀ ਦਿਸ਼ਾ ਵੱਲ ਵੱਡੇ ਕਦਮ ਚੁਕ ਰਿਹਾ ਹੈ। ਇਸ ਤੋਂ ਬਾਅਦ ਅਮਰੀਕਾ ਵਿਚ ਵੀ ਕੁੱਝ ਇਹੋ ਜਿਹੀਆਂ ਹੀ ਆਵਾਜ਼ ਉਠਣੀਆਂ ਸ਼ੁਰੂ ਹੋ ਗਈਆਂ ਹਨ। ਅਮਰੀਕਾ ਅੰਦਰ ਵੀ ਚੀਨੀ ਐਪਾਂ 'ਤੇ ਪਾਬੰਦੀ ਦੀਆਂ ਆਵਾਜ਼ਾਂ ਉਠ ਰਹੀਆਂ ਹਨ। ਚੀਨ ਖਿਲਾਫ਼ ਫ਼ੌਜੀ ਅਤੇ ਆਰਥਿਕ ਮੁਹਾਜ਼ਾਂ 'ਤੇ ਮੋਰਚੇ ਖੁਲ੍ਹਣੇ ਸ਼ੁਰੂ ਹੋ ਗਏ ਹਨ।

ਭਾਰਤ ਅਤੇ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਵਿਚ ਵੀ ਚੀਨ ਖਿਲਾਫ਼ ਲੋਕਾਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਹੈ। ਇਕ ਤਾਜ਼ਾ ਸਰਵੇਖਣ ਮੁਤਾਬਕ ਕੈਨੇਡਾ ਦੇ 80 ਫ਼ੀਸਦ ਤੋਂ ਵੱਧ ਲੋਕਾਂ ਨੇ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਹੈ। ਕੈਨੇਡਾ-ਚੀਨ ਵਿਚਾਲੇ ਮੌਜੂਦਾ ਵਿਵਾਦ ਨੂੰ 91 ਫ਼ੀਸਦ ਕੈਨੇਡੀਅਨ ਨਾਗਰਿਕਾਂ ਨੇ ਗੰਭੀਰ ਮੰਨਿਆ ਹੈ। ਜਦਕਿ 93 ਫ਼ੀਸਦ ਲੋਕਾਂ ਦਾ ਕਹਿਣਾ ਹੈ ਕਿ ਚੀਨ 'ਤੇ ਮਨੁੱਖੀ ਅਧਿਕਾਰਾਂ ਦੇ ਸਿਲਸਿਲੇ 'ਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

ਸਰਵੇਖਣ ਕਰਨ ਵਾਲੀ ਏਜੰਸੀ ਆਂਗਸ ਰੀਡ ਇੰਸਟੀਟਿਊਟ ਮੁਤਾਬਕ ਸਰਵੇਖਣ 'ਚ ਸ਼ਾਮਲ 81 ਫੀਸਦ ਲੋਕਾਂ ਨੇ ਮੰਨਿਆ ਚੀਨੀ ਵਸਤਾਂ ਦਾ ਬਾਈਕਾਟ ਕਰਕੇ ਚੀਨ ਨੂੰ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ। ਚੀਨ ਪ੍ਰਤੀ ਲੋਕਾਂ ਦੀ ਨਰਾਜ਼ਗੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਦੇ ਜਾਸੂਸੀ ਦੇ ਇਲਜ਼ਾਮਾਂ 'ਚ ਬੰਦ ਕਰ ਦਿਤਾ ਹੈ। ਜੇਲ੍ਹ 'ਚ ਬੰਦ ਦੋ ਜਣਿਆਂ 'ਚ ਇਕ ਸਾਬਕਾ ਰਾਜਨਾਇਕ ਵੀ ਸ਼ਾਮਲ ਹੈ।

ਕੈਨੇਡਾ ਸਰਕਾਰ ਨੇ ਚੀਨ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਚੀਨੀ ਕਾਰਵਾਈ ਨੂੰ ਮਨਮਾਨੀ ਦੱਸਿਆ ਹੈ। ਕੈਨੇਡਾ ਨੇ ਚੀਨ 'ਤੇ ਬੰਧਕ ਬਣਾਓ ਕੂਟਨੀਤੀ ਦੇ ਇਲਜ਼ਾਮ ਲਾਏ ਹਨ। ਉਸ ਨੇ ਚੀਨ ਦੀ ਦੂਰਸੰਚਾਰ ਕੰਪਨੀ ਹੁਆਈ ਦੇ ਇਕ ਅਧਿਕਾਰੀ ਦੀ ਗ੍ਰਿਫ਼ਤਾਰੀ ਤੇ ਅਪਣੇ ਦੋ ਨਾਗਰਿਕਾਂ ਦੀ ਗ੍ਰਿਫ਼ਤਾਰੀ ਨੂੰ ਬਦਲੇ ਦੀ ਕਾਰਵਾਈ ਆਖਿਆ ਹੈ। ਚੀਨੀ ਕੰਪਨੀ ਦੇ ਅਧਿਕਾਰੀ ਨੂੰ 2018 'ਚ ਬੈਂਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਨੂੰ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਾਰਵਾਈ ਕਹਿੰਦਿਆਂ ਇਸ ਦਾ ਵਿਰੋਧ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।