ਪ੍ਰਧਾਨ ਮੰਤਰੀ ਦਾ ਦੇਸ਼ ਦੇ ਨਾਮ ਸੰਬੋਧਨ, 80 ਕਰੋੜ ਲੋਕਾਂ ਨੂੰ ਦੀਵਾਲੀ-ਛਠ ਤਕ ਮੁਫ਼ਤ ਰਾਸ਼ਨ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੰਬਰ ਦੇ ਅਖ਼ੀਰ ਤਕ ਵਧਾਈ ਗਈ ਅੰਨ ਯੋਜਨਾ

Narendra Modi

ਨਵੀਂ ਦਿੱਲੀ, 30 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ 'ਪ੍ਰਧਾਨ ਮੰਤਰੀ ਗ਼ਰੀਬ ਭਲਾਈ ਅੰਨ ਯੋਜਨਾ' ਦਾ ਵਿਸਤਾਰ ਨਵੰਬਰ ਮਹੀਨੇ ਦੇ ਅਖ਼ੀਰ ਤਕ ਕਰ ਦਿਤਾ ਗਿਆ ਹੈ ਜਿਸ ਨਾਲ 80 ਕਰੋੜ ਲੋਕਾਂ ਨੂੰ ਹੋਰ ਪੰਜ ਮਹੀਨਿਆਂ ਤਕ ਮੁਫ਼ਤ ਰਾਸ਼ਨ ਮਿਲੇਗਾ।

ਦੇਸ਼ ਦੇ ਨਾਮ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਅਤੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਨਲਾਕ-2 ਵਿਚ ਲਾਪਰਵਾਹੀ ਨਾ ਵਰਤਣ। ਉਨ੍ਹਾਂ ਕਿਹਾ ਕਿ ਸਾਰੀ ਅਹਿਤਆਤ ਵਰਤਦਿਆਂ ਆਰਥਕ ਸਰਗਰਮੀਆਂ ਨੂੰ ਅੱਗੇ ਵਧਾਇਆ ਜਾਵੇਗਾ ਤੇ ਹਿੰਦੁਸਤਾਨ ਨੂੰ ਆਤਮ-ਨਿਰਭਰ ਬਣਾਉਣ ਲਈ ਦਿਨ ਰਾਤ ਇਕ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ, 'ਤਿਉਹਾਰਾਂ ਦਾ ਸਮਾਂ ਲੋੜਾਂ ਵੀ ਵਧਾਉਂਦਾ ਹੈ ਤੇ ਖ਼ਰਚੇ ਵੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਗ਼ਰੀਬ ਭਲਾਈ ਅੰਨ ਯੋਜਨਾ ਦਾ ਵਿਸਤਾਰ ਹੁਣ ਦੀਵਾਲੀ ਅਤੇ ਛਠ ਪੂਜਾ ਤਕ ਯਾਨੀ ਨਵੰਬਰ ਮਹੀਨੇ ਦੇ ਅਖ਼ੀਰ ਤਕ ਕਰ ਦਿਤਾ ਜਾਵੇ।'

 ਉਨ੍ਹਾਂ ਕਿਹਾ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣ ਵਾਲੀ ਇਹ ਯੋਜਨਾ ਹੁਣ ਨਵੰਬਰ ਤਕ ਲਾਗੂ ਰਹੇਗੀ। ਇਸ ਦੌਰਾਨ ਸਰਕਾਰ 80 ਕਰੋੜ ਤੋਂ ਵੱਧ ਗ਼ਰੀਬਾਂ ਨੂੰ ਹਰ ਮਹੀਨੇ ਪੰਜ ਮਿਲੋ ਕਣਕ ਜਾਂ ਪੰਜ ਕਿਲੋ ਚੌਲ ਮੁਫ਼ਤ ਦੇਵੇਗੀ। ਉਨ੍ਹਾਂ ਕਿਹਾ, 'ਹਰ ਪਰਵਾਰ ਨੂੰ ਹਰ ਮਹੀਨੇ 1 ਕਿਲੋ ਛੋਲੇ ਵੀ ਮੁਫ਼ਤ ਦਿਤੇ ਜਾਣਗੇ। ਇਸ ਯੋਜਨਾ ਦੇ ਵਿਸਤਾਰ ਵਿਚ 90 ਹਜ਼ਾਰ ਕਰੋੜ ਰੁਪਏ ਤੋਂ ਵੱਧ ਖ਼ਰਚ ਹੋਣਗੇ।' ਮੋਦੀ ਨੇ ਕਿਹਾ, 'ਜੇ ਇਸ ਵਿਚ ਪਿਛਲੇ ਤਿੰਨ ਮਹੀਨਿਆਂ ਦਾ ਖ਼ਰਚਾ ਜੋੜ ਦਿਤਾ ਜਾਵੇ ਤਾਂ ਇਹ ਲਗਭਗ ਡੇਢ ਲੱਖ ਕਰੋੜ ਰੁਪਏ ਹੋ ਜਾਂਦਾ ਹੈ।'

ਉਨ੍ਹਾਂ ਕਿਹਾ ਕਿ ਅੱਜ ਸਰਕਾਰ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਅਨਾਜ ਦੇ ਰਹੀ ਹੈ ਤਾਂ ਇਸ ਦਾ ਸਿਹਰਾ ਦੇਸ਼ ਦੇ ਮਿਹਨਤੀ ਕਿਸਾਨਾਂ ਅਤੇ ਦੇਸ਼ ਦੇ ਈਮਾਨਦਾਰ ਕਰਦਾਤਾਵਾਂ ਨੂੰ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹੀ ਸਮੇਂ ਕੀਤੇ ਗਏ ਫ਼ੈਸਲਿਆਂ ਸਦਕਾ ਭਾਰਤ ਕਈ ਲੋਕਾਂ ਦੀ ਜਾਨ ਬਚਾ ਸਕਿਆ ਪਰ ਅਨਲਾਕ-1 ਸ਼ੁਰੂ ਹੋਣ ਦੇ ਬਾਅਦ ਲੋਕਾਂ ਵਿਚ ਲਾਪਰਵਾਹੀ ਵਧੀ ਹੈ। ਪ੍ਰਧਾਨ ਮੰਤਰੀ ਨੇ ਹਰ ਕਿਸੇ ਨੂੰ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪਿੰਡ ਦਾ ਸਰਪੰਚ ਹੋਵੇ ਜਾਂ ਪ੍ਰਧਾਨ ਮੰਤਰੀ, ਕੋਈ ਵੀ ਕਾਨੂੰਨ ਤੋਂ ਉਪਰ ਨਹੀਂ। (ਏਜੰਸੀ)  

ਮੋਦੀ ਦੇ ਮਨ ਵਿਚ 'ਬਿਹਾਰ'

ਪ੍ਰਧਾਨ ਮੰਤਰੀ ਨੇ 16 ਮਿੰਟਾਂ ਦੇ ਭਾਸ਼ਨ ਵਿਚ ਦੋ ਵਾਰ ਛਠ ਦਾ ਜ਼ਿਕਰ ਕੀਤਾ। ਕੁੱਝ ਸਿਆਸੀ ਮਾਹਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਬਿਹਾਰ ਨੂੰ ਧਿਆਨ ਵਿਚ ਰਖਦਿਆਂ ਇਸ ਯੋਜਨਾ ਦਾ ਵਿਸਤਾਰ ਕੀਤਾ ਹੈ। ਬਿਹਾਰ ਵਿਚ ਅਕਤੂਬਰ-ਨਵੰਬਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਛਠ ਪੂਜਾ ਬਿਹਾਰ ਦਾ ਅਹਿਮ ਤਿਉਹਾਰ ਹੈ ਅਤੇ ਇਹ ਪੂਜਾ 20 ਤੇ 21 ਨਵੰਬਰ ਨੂੰ ਹੋਵੇਗੀ। ਸੱਭ ਤੋਂ ਵੱਧ ਪ੍ਰਵਾਸੀ ਮਜ਼ਦੂਰ ਵੀ ਬਿਹਾਰ ਦੇ ਹੀ ਹਨ ਜਿਨ੍ਹਾਂ ਨੂੰ ਇਸ ਯੋਜਨਾ ਤੋਂ ਲਾਭ ਮਿਲ ਰਿਹਾ ਹੈ।

ਕੋਵਿਡ-19 ਦਾ ਟੀਕਾ ਸਸਤਾ, ਸੱਭ ਨੂੰ ਮਿਲੇ : ਮੋਦੀ

ਨਵੀਂ ਦਿੱਲੀ, 30 ਜੂਨ : ਪ੍ਰਧਾਨ ਮੰਤਰੀ ਨੇ ਕੋਵਿਡ-19 ਦਾ ਟੀਕਾ ਤਿਆਰ ਹੋਣ 'ਤੇ ਵੱਡੀ ਆਬਾਦੀ ਦੇ ਟੀਕਾਕਰਨ ਲਈ ਭਾਰਤ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਜ਼ੋਰ ਦਿਤਾ ਕਿ ਟੀਕਾ ਸਸਤਾ ਅਤੇ ਹਰ ਕਿਸੇ ਲਈ ਉਪਲਭਧ ਹੋਣਾ ਚਾਹੀਦਾ ਹੈ। ਤਿਆਰੀਆਂ ਦੀ ਸਮੀਖਿਆ ਲਈ ਮੋਦੀ ਨੇ ਉੱਚ ਪਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਰਾਹੀਂ ਦਸਿਆ ਕਿ ਬੈਠਕ ਵਿਚ ਟੀਕੇ ਦੇ ਵਿਕਾਸ ਦੇ ਯਤਨਾਂ ਦੀ ਮੌਜੂਦਾ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨੇ ਟੀਕਾਕਰਨ ਯਤਨਾਂ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਸ਼ਾਲ ਅਤੇ ਵੰਨ-ਸੁਵੰਨੀ ਆਬਾਦੀ ਦੇ ਟੀਕਾਕਰਨ ਨਾਲ ਕਈ ਤਰ੍ਹਾਂ ਦੇ ਪੱਖ ਜੁੜੇ ਹੋਣਗੇ ਜਿਨ੍ਹਾਂ ਵਿਚ ਇਲਾਜ ਸਪਲਾਈ ਕੜੀ ਦੀ ਸੰਭਾਲ, ਜੋਖਮ ਵਾਲੀ ਆਬਾਦੀ ਨੂੰ ਪਹਿਲ, ਕਵਾਇਦ ਵਿਚ ਸ਼ਾਮਲ ਵੱਖ ਵੱਖ ਏਜੰਸੀਆਂ ਵਿਚਾਲੇ ਤਾਲਮੇਲ ਅਤੇ ਨਿਜੀ ਖੇਤਰ ਤੇ ਨਾਗਰਿਕ ਸੰਸਥਾਵਾਂ ਦੀ ਭੂਮਿਕਾ ਸ਼ਾਮਲ ਹੈ। (ਏਜੰਸੀ)

 

ਰਾਹੁਲ ਨੇ ਮੋਦੀ ਨੂੰ ਕਿਹਾ-ਤੂ ਈਧਰ ਊਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫ਼ਿਲਾ ਕਿਉਂ ਲੂਟਾ
ਨਵੀਂ ਦਿੱਲੀ, 30 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੇ ਨਾਮ ਸੰਬੋਧਨ ਵਿਚ ਚੀਨ ਨਾਲ ਰੇੜਕੇ ਦਾ ਜ਼ਿਕਰ ਨਾ ਹੋਣ ਵਲ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ 'ਤੇ ਸ਼ਾਇਰੀ ਰਾਹੀਂ ਵਿਅੰਗ ਕਸਿਆ। ਉਨ੍ਹਾਂ ਕਿਹਾ, 'ਤੂ ਈਧਰ ਊਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫ਼ਿਲਾ ਕਿਉਂ ਲੂਟਾ, ਮੁਝੇ ਰਹਿਜ਼ਨਾਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।'

ਮੋਦੀ ਦੇ ਭਾਸ਼ਨ ਤੋਂ ਪਹਿਲਾਂ ਕਾਂਗਰਸ ਆਗੂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਦਸਣਾ ਚਾਹੀਦਾ ਹੈ ਕਿ ਉਹ ਭਾਰਤੀ ਖੇਤਰ ਵਿਚ ਬੈਠੇ ਚੀਨ ਦੇ ਫ਼ੌਜੀਆਂ ਨੂੰ ਕਦੋਂ ਅਤੇ ਕਿਵੇਂ ਬਾਹਰ ਕਢਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਸੀ ਕਿ ਕੋਰੋਨਾ ਸੰਕਟ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਗ਼ਰੀਬਾਂ ਨੂੰ ਰਾਹਤ ਦੇਣ ਲਈ ਘੱਟੋ ਘੱਟ ਆਮਦਨ ਗਾਰੰਟੀ ਯੋਜਨਾ ਦੀ ਤਰਜ਼ 'ਤੇ ਛੇ ਮਹੀਨਿਆਂ ਲਈ ਕੋਈ ਯੋਜਨਾ ਸ਼ੁਰੂ ਕਰੋ।