ਗੁਜਰਾਤ ਹਾਈ ਕੋਰਟ ਨੇ ਤੀਸਤਾ ਸੀਤਲਵਾੜ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ, 'ਤੁਰੰਤ ਆਤਮ ਸਮਰਪਣ' ਦੇ ਦਿਤੇ ਹੁਕਮ

ਏਜੰਸੀ

ਖ਼ਬਰਾਂ, ਰਾਸ਼ਟਰੀ

2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਮਾਮਲਿਆਂ ’ਚ ‘ਬੇਕਸੂਰਾਂ’ ਨੂੰ ਫਸਾਉਣ ਲਈ ਫਰਜ਼ੀ ਸਬੂਤ ਘੜਨ ਦਾ ਇਲਜ਼ਾਮ

Gujarat High Court rejects Teesta Setalvad’s bail plea

 

ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਨੇ ਸ਼ਨਿਚਰਵਾਰ ਨੂੰ ਸਮਾਜਕ ਕਾਰਕੁਨ ਤੀਸਤਾ ਸੀਤਲਵਾੜ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿਤੀ। ਅਦਾਲਤ ਨੇ ਉਨ੍ਹਾਂ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਿਹਾ ਹੈ। ਤੀਸਤਾ ਸੀਤਲਵਾੜ 'ਤੇ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਮਾਮਲਿਆਂ ਵਿਚ ਨਿਰਦੋਸ਼ ਲੋਕਾਂ ਨੂੰ ਫਸਾਉਣ ਲਈ ਫਰਜ਼ੀ ਸਬੂਤ ਘੜਨ ਦਾ ਇਲਜ਼ਾਮ ਹੈ। ਤੀਸਤਾ ਸੀਤਲਵਾੜ ਨੂੰ ਪਿਛਲੇ ਸਾਲ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਰਖਿਆ ਗਿਆ ਅਤੇ 2 ਜੁਲਾਈ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ ਸੀ।

ਇਹ ਵੀ ਪੜ੍ਹੋ: ਕੀਨੀਆ: ਬੇਕਾਬੂ ਟਰੱਕ ਨੇ ਕਈ ਵਾਹਨਾਂ ਤੇ ਪੈਦਲ ਯਾਤਰੀਆਂ ਨੂੰ ਮਾਰੀ ਟੱਕਰ, 48 ਲੋਕਾਂ ਦੀ ਦਰਦਨਾਕ ਮੌਤ  

ਇਸ ਤੋਂ ਬਾਅਦ ਉਨ੍ਹਾਂ ਨੇ ਗੁਜਰਾਤ ਹਾਈ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ 'ਤੇ ਸੁਣਵਾਈ 'ਚ ਦੇਰੀ ਹੋਣ 'ਤੇ ਉਹ ਸੁਪ੍ਰੀਮ ਕੋਰਟ ਪਹੁੰਚੇ, ਜਿਥੇ ਉਨ੍ਹਾਂ ਨੂੰ ਸਤੰਬਰ 2022 'ਚ ਅੰਤਰਿਮ ਜ਼ਮਾਨਤ ਮਿਲ ਗਈ ਸੀ। ਸੁਪ੍ਰੀਮ ਕੋਰਟ ਨੇ 24 ਜੂਨ 2022 ਨੂੰ 2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਵਾਲੀ ਐਸ.ਆਈ.ਟੀ. ਦੀ ਰਿਪੋਰਟ ਵਿਰੁਧ ਪਟੀਸ਼ਨ ਖਾਰਜ ਕਰ ਦਿਤੀ ਸੀ। ਇਹ ਪਟੀਸ਼ਨ ਜ਼ਕੀਆ ਜਾਫਰੀ ਨੇ ਦਾਇਰ ਕੀਤੀ ਸੀ। ਇਨ੍ਹਾਂ ਦੰਗਿਆਂ ਵਿਚ ਜ਼ਕੀਆ ਜਾਫਰੀ ਦਾ ਪਤੀ ਅਹਿਸਾਨ ਜਾਫਰੀ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ: ਵਿਸ਼ਵ ਕੱਪ ਸਥਾਨਾਂ ਦਾ ਮੁਆਇਨਾ ਕਰਨ ਲਈ ਪਾਕਿਸਤਾਨ ਭਾਰਤ ਭੇਜੇਗਾ ਸੁਰੱਖਿਆ ਵਫ਼ਦ 

ਸੁਪਰੀਮ ਕੋਰਟ ਨੇ ਕਿਹਾ ਕਿ ਜ਼ਕੀਆ ਦੀ ਪਟੀਸ਼ਨ 'ਚ ਕੋਈ ਮੈਰਿਟ ਨਹੀਂ ਹੈ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਕੇਸ ਦੀ ਸਹਿ ਪਟੀਸ਼ਨਰ ਤੀਸਤਾ ਨੇ ਜ਼ਕੀਆ ਜਾਫ਼ਰੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਅਦਾਲਤ ਨੇ ਤੀਸਤਾ ਦੀ ਭੂਮਿਕਾ ਦੀ ਜਾਂਚ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਤੀਸਤਾ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: 20 ਜੁਲਾਈ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ, 11 ਅਗਸਤ ਤਕ ਚੱਲੇਗੀ ਕਾਰਵਾਈ

ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਤੀਸਤਾ ਸੀਤਲਵਾੜ, ਸਾਬਕਾ ਆਈ.ਪੀ.ਐਸ. ਸੰਜੀਵ ਭੱਟ ਅਤੇ ਡੀ.ਜੀ.ਪੀ. ਆਰ.ਬੀ. ਸ੍ਰੀਕੁਮਾਰ ਵਿਰੁਧ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿਚ ਸਾਜ਼ਸ਼ ਦਾ ਕੇਸ ਦਰਜ ਕੀਤਾ ਸੀ। ਸੰਜੀਵ ਭੱਟ ਪਹਿਲਾਂ ਹੀ ਜੇਲ੍ਹ ਵਿਚ ਸਨ, ਜਦਕਿ ਤੀਸਤਾ ਅਤੇ ਸ੍ਰੀਕੁਮਾਰ ਨੂੰ ਪਿਛਲੇ ਸਾਲ ਇਕੱਠੇ ਗ੍ਰਿਫ਼ਤਾਰ ਕੀਤਾ ਗਿਆ ਸੀ।