ਹੁਣ ਭਾਰਤੀਆਂ ਨੂੰ ਟੀ.ਵੀ. ਚੈਨਲਾਂ ਤੋਂ ਵੱਧ ਯੂ-ਟਿਊਬ ਅਤੇ ਵਟਸਐਪ ਦੀਆਂ ਖ਼ਬਰਾਂ ’ਤੇ ਭਰੋਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

22 ਫ਼ੀ ਸਦੀ ਲੋਕਾਂ ਦਾ ਸਾਰੇ ਮੀਡੀਆ ਸਰੋਤਾਂ ਤੋਂ ਭਰੋਸਾ ਉਠਿਆ

photo

 

ਨਵੀਂ ਦਿੱਲੀ: ਪਿੱਛੇ ਜਿਹੇ ਜਾਰੀ ਇਕ ਰੀਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਖ਼ਬਰਾਂ ਦੇ ਮਾਮਲੇ ’ਚ ਭਾਰਤ ’ਚ ਟੀ.ਵੀ. ਚੈਨਲਾਂ ਤੋਂ ਵੱਧ ਹੁਣ ਲੋਕ ਯੂਟਿਊਬ ਅਤੇ ਵਟਸਐਪ ’ਤੇ ਯਕੀਨ ਕਰਦੇ ਹਨ। ਹਾਲਾਂਕਿ ਅਮਰੀਕਾ ਅਤੇ ਯੂ.ਕੇ. ’ਚ ਲੋਕ ਅਜੇ ਵੀ ਮੋਟੇ ਤੌਰ ’ਤੇ ਰਵਾਇਤੀ ਮੀਡੀਆ ’ਤੇ ਯਕੀਨ ਰਖਦੇ ਹਨ, ਪਰ ਵੱਡੀ ਗਿਣਤੀ ’ਚ ਲੋਕਾਂ ਨੂੰ ਹਰ ਮੀਡੀਆ ਮੰਚ ’ਤੇ ਸਾਂਝਾ ਕੀਤੀ ਸੂਚਨਾ ’ਤੇ ਸ਼ੱਕ ਰਹਿੰਦਾ ਹੈ।

ਇਹ ਗੱਲ ਲੋਜੀਕਲੀ ਫ਼ੈਕਟ ਕੰਪਨੀ ਵਲੋਂ ਕੀਤੇ ‘ਦ ਗਲੋਬਲ ਫ਼ੈਕਟ 10 ਰੀਸਰਚ ਰੀਪੋਰਟ’ ਨਾਮਕ ਸਰਵੇ ’ਚ ਸਾਹਮਣੇ ਆਈ ਹੈ। ਇਹ ਕੰਪਨੀ ਭਾਰਤ, ਯੂ.ਕੇ. ਅਤੇ ਅਮਰੀਕਾ ’ਚ ਸੋਸ਼ਲ ਮੀਡੀਆ ਮੰਚਾਂ ਨੂੰ ਗ਼ਲਤ ਸੂਚਨਾਵਾਂ ਫੈਲਾਉਣ ਤੋਂ ਬਚਣ ’ਚ ਮਦਦ ਕਰਦਾ ਹੈ।

ਇਸ ਸਰਵੇ ’ਚ ਭਾਰਤ, ਯੂ.ਕੇ. ਅਤੇ ਅਮਰੀਕਾ ਦੇ 6 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਅਤੇ ਤੱਥਾਂ ਦੀ ਜਾਂਚ ਕਰਨ ਤੇ ਸੂਚਨਾ ਫੈਲਣ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ ।
ਵੱਡੀ ਗਿਣਤੀ ’ਚ ਲੋਕਾਂ (22 ਫ਼ੀ ਸਦੀ) ਦਾ ਸਾਰੇ ਮੀਡੀਆ ਸਰੋਤਾਂ ’ਤੋਂ ਭਰੋਸਾ ਉਠ ਗਿਆ ਹੈ ਅਤੇ ਜੋ ਲੋਕ ਅਜੇ ਵੀ ਮੀਡੀਆ ’ਤੇ ਭਰੋਸਾ ਕਰਦੇ ਹਨ ਉਹ ਟੀ.ਵੀ. ਚੈਨਲਾਂ ਦੀ ਬਜਾਏ ਕਈ ਸੋਸ਼ਲ ਮੀਡੀਆ ਮੰਚਾਂ ਤੋਂ ਇਕੱਠੀ ਕੀਤੀ ਰਲਵੀਂ-ਮਿਲਵੀਂ ਸੂਚਨਾ ’ਤੇ ਯਕੀਨ ਕਰਦੇ ਹਨ।

ਸਰਵੇ ’ਚ ਸਾਹਮਣੇ ਆਇਆ ਹੈ ਕਿ ਕੋਈ ਵਿਸ਼ੇਸ਼ ਮੰਚ ਸਭ ਤੋਂ ਭਰੋਸੇਯੋਗ ਸਾਬਤ ਨਹੀਂ ਹੋਇਆ ਹੈ, ਜਿਨ੍ਹਾਂ ’ਚੋਂ ਵੱਡੀ ਗਿਣਤੀ (22.36 ਫ਼ੀ ਸਦੀ) ਨੇ ਕਿਸੇ ਵੀ ਤਰ੍ਹਾਂ ਦੇ ਮੀਡੀਆ ’ਤੇ ਭਰੋਸਾ ਨਹੀਂ ਪ੍ਰਗਟਾਇਆ।

ਕੁਲ ਮਿਲਾ ਕੇ ਖ਼ਬਰਾਂ ਅਤੇ ਹੋਰ ਸੂਚਨਾ ਦੇ ਸਰੋਤਾਂ ’ਚੋਂ 13.73 ਫ਼ੀ ਸਦੀ ਲੋਕਾਂ ਨੇ ਟੀ.ਵੀ. ਚੈਨਲਾਂ ’ਤੇ, 12.79 ਫ਼ੀ ਸਦੀ ਨੇ ਯੂਟਿਊਬ ’ਤੇ, 9.31 ਫ਼ੀ ਸਦੀ ਨੇ

ਵਟਸਐਪ ’ਤੇ, 9.11 ਫ਼ੀ ਸਦੀ ਨੇ ਫ਼ੇਸਬੁੱਕ ’ਤੇ ਅਤੇ 7.85 ਫ਼ੀ ਸਦੀ ਨੇ ਗੂਗਲ ਆਦਿ ਵਰਗੇ ਸਰਚ ਇੰਜਣਾਂ ’ਤੇ ਭਰੋਸਾ ਪ੍ਰਗਟਾਇਆ ਹੈ।

ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਯੂਟਿਊਬ ਅਤੇ ਵਟਸਐਪ ’ਤੇ ਟੀ.ਵੀ. ਚੈਨਲਾਂ ਤੋਂ ਵੱਧ ਭਰੋਸਾ ਕੀਤਾ ਜਾਂਦਾ ਹੈ।

16.39 ਫ਼ੀ ਸਦੀ ਔਰਤਾਂ ਨੂੰ ਟੀ.ਵੀ. ਚੈਨਲਾਂ ’ਤੇ ਭਰੋਸਾ ਸੀ। ਜਦਕਿ ਸਿਰਫ਼ 11 ਫ਼ੀ ਸਦੀ ਮਰਦਾਂ ਨੂੰ ਟੀ.ਵੀ. ਚੈਨਲਾਂ ’ਤੇ ਭਰੋਸਾ ਸੀ। ਮਰਦਾਂ ਨੇ ਟੀ.ਵੀ. ਚੈਨਲਾਂ ਤੋਂ ਵੱਧ ਭਰੋਸਾ ਯੂਟਿਊਬ ’ਤੇ ਪ੍ਰਗਟਾਇਆ ਅਤੇ ਉਨ੍ਹਾਂ ਔਰਤਾਂ ਮੁਕਾਬਲੇ ਫ਼ੇਸਬੁਕ ’ਤੇ ਵੀ ਤਿੰਨ ਫ਼ੀ ਸਦੀ ਵੱਧ ਭਰੋਸਾ ਪ੍ਰਗਟ ਕੀਤਾ।

ਸਰਵੇ ’ਚ ਸਾਹਮਣੇ ਆਇਆ ਹੈ ਕਿ 61 ਫ਼ੀ ਸਦੀ ਲੋਕਾਂ ਨੂੰ ਲਗਦਾ ਹੈ ਕਿ ਸੋਸ਼ਲ ਮੀਡੀਆ ਮੰਚਾਂ ਅਤੇ ਮੀਡੀਆ ਸੰਗਠਨਾਂ ਨੂੰ ਤੱਥਾਂ ਦੀ ਜਾਂਚ ਮੌਜੂਦਾ ਸਮੇਂ ਤੋਂ ਵੱਧ ਕਰਨੀ ਚਾਹੀਦੀ ਹੈ।

ਤੱਥਾਂ ਦੀ ਜਾਂਚ ਕਰਨ ਦੇ ਮਾਮਲੇ ’ਚ ਚੋਣਾਂ ਅਤੇ ਹੋਰ ਸਿਆਸੀ ਪ੍ਰੋਗਰਾਮਾਂ ਨੂੰ ਸਭ ਤੋਂ ਵੱਧ ਤਰਜੀਹ ਦਿਤੀ ਜਾਂਦੀ ਹੈ। ਇਸ ਤੋਂ ਬਾਅਦ ਸਿਹਤ ਸੰਭਾਲ ਨੂੰ 19 ਫ਼ੀ ਸਦੀ, ਅਤੇ ਜਲਵਾਯੂ ਤਬਦੀਲੀ 14 ਫ਼ੀ ਸਦੀ ਤਰਜੀਹ ਦਿੰਦੇ ਹਨ।