ਨਵੀਂ ਦਿੱਲੀ: ਸਰਕਾਰ ਨੇ ਜੁਲਾਈ-ਸਤੰਬਰ ਤਿਮਾਹੀ ਲਈ ਆਵਰਤੀ ਜਮ੍ਹਾਂ (ਆਰ.ਡੀ.) ਸਮੇਤ ਕੁਝ ਬਚਤ ਯੋਜਨਾਵਾਂ ਤੇ ਸ਼ੁਕਰਵਾਰ ਨੂੰ ਵਿਆਜ ਦਰ 0.3 ਫ਼ੀ ਸਦੀ ਵਧਾ ਦਿਤੀ ਹੈ। ਬੈਂਕਾਂ ’ਚ ਜਮ੍ਹਾਂ ’ਤੇ ਵਧਦੀਆਂ ਵਿਆਜ ਦਰਾਂ ਵਿਚਕਾਰ ਇਹ ਕਦਮ ਚੁਕਿਆ ਗਿਆ ਹੈ।
ਹਾਲਾਂਕਿ ਨਿਵੇਸ਼ਕਾਂ ’ਚ ਮਕਬੂਲ ਜਨਤਕ ਭਵਿੱਖ ਨਿਧੀ (ਪੀ.ਪੀ.ਐਫ਼.) ’ਤੇ ਮਿਲਣ ਵਾਲੇ ਵਿਆਜ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਇਹ 7.1 ਫ਼ੀ ਸਦੀ ’ਤੇ ਬਰਕਾਰ ਰੱਖੀ ਗਈ ਹੈ।
ਵਿੱਤ ਮੰਤਰਾਲੇ ਦੇ ਨੋਟੀਫ਼ੀਕੇਸ਼ਨ ਅਨੁਸਾਰ, ਸਭ ਤੋਂ ਜ਼ਿਆਦਾ 0.3 ਫ਼ੀ ਸਦੀ ਵਿਆਜ ਪੰਜ ਸਾਲ ਦੇ ਆਰ.ਡੀ. ’ਤੇ ਵਧਾਇਆ ਗਿਆ ਹੈ। ਇਸ ਨੂੰ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ’ਚ ਆਰ.ਡੀ. ਧਾਰਕਾਂ ਨੂੰ 6.5 ਫ਼ੀ ਸਦੀ ’ਤੇ ਵਿਆਜ ਮਿਲੇਗਾ ਜੋ ਹੁਣ ਤਕ 6.2 ਫ਼ੀ ਸਦੀ ਸੀ।
ਵਿਆਰ ਦਰਾਂ ਦੀ ਸਮੀਖਿਆ ਤੋਂ ਬਾਅਦ ਡਾਕਖਾਨਿਆਂ ’ਚ ਇਕ ਸਾਲ ਦੀ ਮਿਆਦੀ ਜਮ੍ਹਾਂ (ਐਫ਼.ਡੀ.) ’ਤੇ ਵਿਆਜ 0.1 ਫ਼ੀ ਸਦੀ ਵਧ ਕੇ 6.9 ਫ਼ੀ ਸਦੀ ਮਿਲੇਗਾ। ਜਦਕਿ ਦੋ ਸਾਲ ਦੀ ਮਿਆਦੀ ਜਮ੍ਹਾਂ ’ਤੇ ਵਿਆਜ ਹੁਣ 7.0 ਫ਼ੀ ਸਦੀ ਹੋਵੇਗਾ ਜੋ ਹੁਣ ਤਕ 6.9 ਫ਼ੀ ਸਦੀ ਸੀ। ਹਾਲਾਂਕਿ ਤਿੰਨ ਸਾਲ ਅਤੇ ਪੰਜ ਸਾਲ ਦੀਆਂ ਮਿਆਦੀ ਜਮ੍ਹਾ ’ਤੇ ਵਿਆਜ ਨੂੰ ਲੜੀਵਾਰ 7.0 ਫ਼ੀ ਸਦੀ ਅਤੇ 7.5 ਫ਼ੀ ਸਦੀ ’ਤੇ ਬਰਕਰਾਰ ਰਖਿਆ ਗਿਆ ਹੈ। ਇਸ ਦੇ ਨਾਲ ਪੀ.ਪੀ.ਐਫ਼. ’ਚ ਜਮ੍ਹਾਂ ਰਕਮ ’ਤੇ ਵਿਆਜ ਨੂੰ 7.1 ਫ਼ੀ ਸਦੀ ਅਤੇ ਬਚਤ ਖਾਤੇ ’ਚ ਜਮ੍ਹਾਂ ’ਤੇ ਵਿਆਜ ਨੂੰ 4.0 ਫ਼ੀ ਸਦੀ ’ਤੇ ਕਾਇਮ ਰਖਿਆ ਗਿਆ ਹੈ।
ਰਾਸ਼ਟਰੀ ਬਚਤ ਪ੍ਰਮਾਣ ਪੱਤਰ (ਐਲ.ਐਸ.ਸੀ.) ’ਤੇ ਵੀ ਇਕ ਜੁਲਾਈ ਤੋਂ 30 ਸਤੰਬਰ, 2023 ਤਕ ਲਈ ਵਿਆਜ ਨੂੰ 7.7 ਫ਼ੀ ਸਦੀ ’ਤੇ ਬਰਕਾਰ ਰਖਿਆ ਗਿਆ ਹੈ।
ਬੱਚੀਆਂ ਲਈ ਬਚਤ ਯੋਜਨਾ ਸੁਕੰਨਿਆ ਸਮਰਿੱਧੀ ਯੋਜਨਾ ’ਤੇ ਵੀ ਵਿਆਜ ਦਰ 8.0 ਫ਼ੀ ਸਦੀ ’ਤੇ ਕਾਇਮ ਹੈ। ਸੀਨੀਅਰ ਸਿਟੀਜਨ ਬਚਤ ਯੋਜਨਾ ਅਤੇ ਕਿਸਾਨ ਵਿਕਾਸ ਪੱਤਰ ’ਤੇ ਵਿਆਜ ਲੜੀਵਾਰ 8.2 ਫ਼ੀ ਸਦੀ ਅਤੇ 7.5 ਫ਼ੀ ਸਦੀ ਰਹੇਗਾ।
ਇਸ ਤੋਂ ਪਹਿਲਾਂ, ਜਨਵਰੀ-ਮਾਰਚ ਤਿਮਾਹੀ ਦੇ ਨਾਲ-ਨਾਲ ਅਪ੍ਰੈਲ-ਜੂਨ ਤਿਮਾਹੀ ’ਚ ਵੀ ਛੋਟੀਆਂ ਬਚਤ ਯੋਜਨਾਵਾਂ ’ਤੇ ਵਿਆਜ ਵਧਾਏ ਗਏ ਸਨ। ਛੋਟੀਟਾਂ ਬਚਤ ਯੋਜਨਾ ’ਤੇ ਵਿਆਜ ਦਰਾਂ ਤਿਮਾਹੀ ਆਧਾਰ ’ਤੇ ਨੋਟੀਫ਼ਾਈ ਕੀਤੀਆਂ ਜਾਂਦੀਆਂ ਹਨ।
ਮਹੀਨਾਵਾਰ ਆਮਦਨ ਯੋਜਨਾ ’ਤੇ ਵਿਆਜ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਇਸ ’ਤੇ ਪਹਿਲਾਂ ਵਾਂਗ 7.4 ਫ਼ੀ ਸਦੀ ਵਿਆਜ ਮਿਲਦਾ ਰਹੇਗਾ।
ਜ਼ਿਕਰਯੋਗ ਹੈ ਕਿ ਭਾਰਤੀ ਰੀਜ਼ਰਵ ਬੈਂਕ ਨੇ ਮਹਿੰਗਾਈ ਨੂੰ ਕਾਬੂ ’ਚ ਲਿਆਉਣ ਲਈ ਪਿਛਲੇ ਸਾਲ ਮਈ ’ਚ ਨੀਤੀਗਤ ਰੇਪੋ ਦਰ ਨੂੰ 2.5 ਫ਼ੀ ਸਦੀ ਵਧਾ ਕੇ 6.5 ਫ਼ੀ ਸਦੀ ਕਰ ਦਿਤਾ ਹੈ। ਇਸ ਨਾਲ ਜਮ੍ਹਾ ’ਤੇ ਵੀ ਵਿਆਜ ਦਰਾਂ ਵਧੀਆਂ ਹਨ।
ਹਾਲਾਂਕਿ ਕੇਂਦਰੀ ਬੈਂਕ ਨੇ ਪਿਛਲੀ ਦੋ ਵਾਰੀ ਮੁਦਰਾ ਨੀਤੀ ਸਮੀਖਿਆ ’ਚ ਨੀਤੀਗਤ ਦਰ ’ਚ ਕੋਈ ਵਾਧਾ ਨਹੀਂ ਕੀਤਾ ਹੈ।