ਨਵੀਂ ਦਿੱਲੀ: ਅੱਠ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ ਇਸ ਸਾਲ ਮਈ ’ਚ ਸੁਸਤ ਪੈ ਕੇ 4.3 ਫ਼ੀ ਸਦੀ ਰਹੀ। ਮੁੱਖ ਤੌਰ ’ਤੇ ਕੱਚਾ ਤੇਲ, ਕੁਦਰਤੀ ਗੈਸ ਅਤੇ ਬਿਜਲੀ ਦੇ ਉਤਪਾਦਨ ’ਚ ਕਮੀ ਨਾਲ ਬੁਨਿਆਦੀ ਉਦਯੋਗ ਦੀ ਵਿਕਾਸ ਦਰ ਹੌਲੀ ਰਹੀ।
ਸਰਕਾਰ ਨੇ ਸ਼ੁਕਰਵਾਰ ਨੂੰ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ। ਇਸ ਮੁਤਾਬਕ, ਅੱਠ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ ਮਈ 2022 ’ਚ 19.3 ਫ਼ੀ ਸਦੀ ਸੀ, ਜਦਕਿ ਇਸ ਸਾਲ ਅਪ੍ਰੈਲ ’ਚ ਇਹ 4.3 ਫ਼ੀ ਸਦੀ ਸੀ।
ਚਾਲੂ ਵਿੱਤੀ ਵਰ੍ਹੇ ਅਪ੍ਰੈਲ-ਮਈ ਦੌਰਾਨ ਅੱਠ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ 4.3 ਫ਼ੀ ਸਦੀ ਰਹੀ, ਜਦਕਿ ਇਕ ਸਾਲ ਪਹਿਲਾਂ ਇਸ ਸਮੇਂ ਦੌਰਾਨ ਇਹ 14.3 ਫ਼ੀ ਸਦੀ ਸੀ। ਇਨ੍ਹਾਂ ਅੰਕੜਿਆਂ ’ਚ ’ਤੇ ਟਿਪਣੀ ਕਰਦਿਆਂ ਇਕਰਾ ਲਿਮਟਡ ਦੀ ਮੁੱਖ ਅਰਥਸ਼ਾਸਤਰੀ ਅਤੇ ਖੋਜ ਮੁਖੀ ਆਦਿਤੀ ਨਾਇਰ ਨੇ ਕਿਹਾ ਕਿ ਮਈ ’ਚ ਵਿਕਾਸ ਮੋਟੇ ਤੌਰ ’ਤੇ ਸਥਿਰ ਰਹੀ।
ਉਨ੍ਹਾਂ ਕਿਹਾ, ‘‘ਇਕਰਾ ਨੂੰ ਉਮੀਦ ਹੈ ਕਿ ਮਈ 2023 ’ਚ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ਦੀ ਵਿਕਾਸ ਦਰ ਸਾਲਾਨਾ ਆਧਾਰ ’ਤੇ ਲਗਭਗ ਚਾਰ-ਛੇ ਫ਼ੀ ਸਦੀ ਰਹੇਗੀ।’’ ਅੱਠ ਪ੍ਰਮੁੱਖ ਉਦਯੋਗਾਂ ਦੀ ਆਈ.ਆਈ.ਪੀ. ’ਚ 40.27 ਫ਼ੀ ਸਦੀ ਹਿੱਸੇਦਾਰੀ ਹੈ।
ਸਮੀਖਿਆ ਅਧੀਨ ਮਹੀਨੇ ’ਚ ਕੱਚੇ ਤੇਲ ਦਾ ਉਤਪਾਦਨ 1.9 ਫ਼ੀ ਸਦੀ ਰਹਿ ਗਿਆ, ਜੋ ਪਿਛਲ ਸਾਲ ਇਸੇ ਮਹੀਨੇ ’ਚ 33.5 ਫ਼ੀ ਸਦੀ ਸੀ।
ਰਿਫ਼ਾਇਨਰੀ ਉਤਪਾਦਾਂ ਦੀ ਵਿਕਾਸ ਦਰ ਵੀ ਮਈ ’ਚ ਘਟ ਕੇ 2.8 ਫ਼ੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ 28 ਫ਼ੀ ਸਦੀ ਸੀ। ਸਮੀਖਿਆ ਅਧੀਨ ਖਾਦ, ਇਸਪਾਤ ਅਤੇ ਸੀਮੈਂਟ ਦੀ ਵਿਕਾਸ ਦਰ ਘਟ ਕੇ ਲੜੀਵਾਰ 9.7 ਫ਼ੀ ਸਦੀ, 9.2 ਫ਼ੀ ਸਦੀ ਅਤੇ 15.5 ਫ਼ੀ ਸਦੀ ਰਹਿ ਗਈ।