President Droupadi Murmu: ਰਾਸ਼ਟਰਪਤੀ ਨੇ ਦਿੱਲੀ ਸਿੱਖ ਗੁਰਦਵਾਰਾ (ਸੋਧ) ਬਿਲ 2025 ਨੂੰ ਦਿਤੀ ਪ੍ਰਵਾਨਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਵੀ ਹੋਵੇਗਾ ਦਿੱਲੀ ਕਮੇਟੀ ਮੈਂਬਰ

President gives assent to Delhi Sikh Gurdwara (Amendment) Bill 2025

President Droupadi Murmu: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਸਿੱਖ ਗੁਰਦਵਾਰਾ (ਸੋਧ) ਬਿਲ 2025 ’ਤੇ ਦਸਤਖ਼ਤ ਕਰ ਕੇ, ਇਸ ਨੂੰ ਪ੍ਰਵਾਨਗੀ ਦੇ ਦਿਤੀ ਹੈ। ਹੁਣ ਦਿੱਲੀ ਸਿੱਖ ਗੁਰਦਵਾਰਾ ਐਕਟ-1971 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਪੰਜਾਬ ਦੇ ਜਥੇਦਾਰ ਨੂੰ ਵੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਨਾਮਜ਼ਦ ਮੈਂਬਰ ਮੰਨਿਆ ਜਾਵੇਗਾ, ਪਰ ਜਥੇਦਾਰ ਕੋਲ ਵੋਟ ਦਾ ਹੱਕ ਨਹੀਂ ਹੋਵੇਗਾ।

4 ਤਖ਼ਤਾਂ ਦੇ ਜਥੇਦਾਰ ਪਹਿਲਾਂ ਹੀ ਦਿੱਲੀ ਕਮੇਟੀ ਦੇ ਨਾਮਜ਼ਦ ਮੈਂਬਰ ਹੁੰਦੇ ਹਨ। ਰਾਸ਼ਟਰਪਤੀ ਵਲੋਂ 17 ਜੂਨ ਨੂੰ ਐਕਟ ਵਿਚ ਸੋਧ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਦਿੱਲੀ ਸਰਕਾਰ ਦੇ ਕਾਨੂੰਨ, ਨਿਆਂ ਅਤੇ ਵਿਧਾਈ ਮਾਮਲਿਆਂ ਬਾਰੇ ਮਹਿਕਮੇ ਨੇ 24 ਜੂਨ ਨੂੰ ਨੋਟੀਫ਼ੀਕੇਸ਼ਨ ਨੰਬਰ ਫ਼ਾਈਲ ਨੰਬਰ 14(77)ਐਲਏ/2022ਜੇਟੀਐਸਈਵਾਈਐਲਏਡਬਲਿਊ/509-517 ਜਾਰੀ ਕਰ ਕੇ, ਦਿੱਲੀ ਸਿੱਖ ਗੁਰਦਵਾਰਾ ਐਕਟ-1971 ਦੀ ਧਾਰਾ 4 ਦੀ ਮਦ -(ਬੀ) (1971 ਦੀ 82 ਵੀਂ ਮਦ)  ਵਿਚ ਸੋਧ ਕਰ ਦਿਤੀ ਗਈ ਹੈ। 

ਇਸ ਬਾਰੇ ਦਿੱਲੀ ਕਮੇਟੀ ਦੇ ਉਦੋਂ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਤੇ ਮੌਜੂਦਾ ਘੱਟ-ਗਿਣਤੀ ਵਿੰਗ ਦੇ ਚੇਅਰਮੈਨ ਐਡਵੋਕੇਟ ਜਸਵਿੰਦਰ ਸਿੰਘ ਜੌਲੀ ਨੇ ‘ਸਪੋਕਸਮੈਨ’ ਨੂੰ ਦਸਿਆ,“ਐਕਟ ਵਿਚ ਸੋਧ ਲਈ ਕਾਨੂੰਨੀ ਲੜਾਈ ਲੜੀ ਗਈ ਹੈ। 1971 ਵਿਚ ਐਕਟ ਬਣਨ ਪਿਛੋਂ ਕਿਸੇ ਨੇ ਇਸ ਬਾਰੇ ਧਿਆਨ ਨਹੀਂ ਸੀ ਦਿਤਾ ਕਿ 4 ਤਖ਼ਤਾਂ ਨੂੰ ਤਾਂ ਐਕਟ ਵਿਚ ਮਾਨਤਾ ਸੀ, ਪਰ 5ਵੇਂ ਤਖ਼ਤ ਦਮਦਮਾ ਸਾਹਿਬ ਨੂੰ ਮਾਨਤਾ ਨਾ ਦੇ ਕੇ, ਵਿਤਕਰਾ ਕੀਤਾ ਗਿਆ ਸੀ। ਉਨ੍ਹਾਂ ਇਸ ਬਾਰੇ ਖਾਕਾ ਤਿਆਰ ਕਰ ਕੇ, ਕਮੇਟੀ ਤੋਂ ਪਾਸ ਕਰਵਾਇਆ ਤੇ ਪਿਛੋਂ ਹਾਈ ਕੋਰਟ ਨੇ ਸਰਕਾਰ ਨੂੰ ਸੋਧ ਲਈ ਹਦਾਇਤ ਦੇ ਦਿਤੀ ਸੀ। ਸਾਡੀ ਕੋਸ਼ਿਸ਼ ਸਫ਼ਲ ਹੋਈ।”

ਦਸ਼ਮੇਸ਼ ਸੇਵਾ ਸੁਸਾਇਟੀ ਦੇ ਮੋਢੀ ਤੇ ਗੁਰਦਵਾਰਾ ਮਾਮਲਿਆਂ ਦੇ ਮਾਹਰ ਇੰਦਰਮੋਹਨ ਸਿੰਘ ਨੇ ਦਸਿਆ,“ਹੁਣ ਦਿੱਲੀ ਗੁਰਦਵਾਰਾ ਐਕਟ ਵਿਚ ਸੋਧ ਹੋ ਜਾਣ ਨਾਲ ਦਿੱਲੀ ਕਮੇਟੀ ਦਾ ਹਾਊਸ ਜੋ ਪਹਿਲਾਂ 55 ਮੈਂਬਰਾਂ ਦਾ ਹੁੰਦਾ ਸੀ, 56 ਮੈਂਬਰਾਂ ਦਾ ਹੋ ਜਾਵੇਗਾ ਕਿਉਂਕਿ ਜਥੇਦਾਰ ਤਖ਼ਤ ਦਮਦਮਾ ਸਾਹਿਬ ਵੀ ਮੈਂਬਰ ਬਣ ਜਾਣਗੇ ਅਤੇ ਕਮੇਟੀ ਵਿਚ ਨਾਮਜ਼ਦ ਮੈਂਬਰਾਂ ਦੀ ਤਾਦਾਦ 9 ਤੋਂ ਵੱਧ ਕੇ 10 ਹੋ ਜਾਵੇਗੀ। ਖ਼ਾਲਸਾ ਤ੍ਰੈ ਸ਼ਤਾਬਦੀ ਮੌਕੇ 1999 ਵਿਚ ਪੰਜਾਬ ਗੁਰਦਵਾਰਾ ਐਕਟ- 1925 ਵਿਚ ਇਸ ਤਖ਼ਤ ਨੂੰ ਮਾਨਤਾ ਦਿਤੀ ਗਈ ਸੀ।”