ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਲਈ ਮੋਦੀ ਨੂੰ ਵੀ ਮਿਲ ਸਕਦੈ ਸੱਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰਕ ਦੇਸ਼ਾਂ ਦੇ ਆਗੂਆਂ ਨੂੰ 11 ਅਗੱਸਤ ਨੂੰ..............

Imran Khan

ਨਵੀਂ ਦਿੱਲੀ : ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰਕ ਦੇਸ਼ਾਂ ਦੇ ਆਗੂਆਂ ਨੂੰ 11 ਅਗੱਸਤ ਨੂੰ ਨਵੀਂ ਸਰਕਾਰ ਦੇ ਹੋਣ ਵਾਲੇ ਸਹੁੰ ਚੁੱਕ ਸਮਾਗਮ 'ਚ ਸੱਦਾ ਦੇਣ 'ਤੇ ਵਿਚਾਰ ਕਰ ਰਹੀ ਹੈ। 65 ਸਾਲਾਂ ਦੇ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪੀ.ਟੀ.ਆਈ. 25 ਜੁਲਾਈ ਨੂੰ ਹੋਈਆਂ ਚੋਣਾਂ 'ਚ ਸੱਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਸੀ, ਹਾਲਾਂਕਿ ਇਸ ਕੋਲ ਅਜੇ ਤਕ ਸਰਕਾਰ ਕਾਇਮ ਕਰਨ ਲਈ ਲੋੜੀਂਦਾ ਅੰਕੜਾ ਨਹੀਂ ਹੈ। ਇਮਰਾਨ ਖ਼ਾਨ ਨੇ ਕਲ ਕਿਹਾ ਸੀ ਕਿ ਉਹ 11 ਅਗੱਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।

ਪੀ.ਟੀ.ਆਈ. ਦੇ ਇਕ ਆਗੂ ਨੇ ਕਿਹਾ, ''ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਮੋਦੀ ਸਮੇਤ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਐਸੋਸੀਏਸ਼ਨ (ਸਾਰਕ) ਮੁਖੀਆਂ ਨੂੰ ਸੱਦਾ ਦੇਣ ਬਾਰੇ ਸੋਚ ਰਹੀ ਹੈ।'' ਉਨ੍ਹਾਂ ਕਿਹਾ ਕਿ ਮੋਦੀ ਵਲੋਂ ਇਮਰਾਨ ਖ਼ਾਨ ਨੂੰ 2018 ਦੀਆਂ ਚੋਣਾਂ 'ਚ ਜਿੱਤ ਲਈ ਫ਼ੋਨ ਰਾਹੀਂ ਵਧਾਈ ਦੇਣਾ ਦੋਹਾਂ ਦੇਸ਼ਾਂ ਵਿਚਕਾਰ ਨਵੇਂ ਰਿਸ਼ਤੇ ਸ਼ੁਰੂ ਕਰਨ ਦੀ ਦਿਸ਼ਾ 'ਚ ਨਵਾਂ ਕਦਮ ਸਾਬਤ ਹੋਵੇਗਾ।  (ਪੀਟੀਆਈ)