ਡਾਕਟਰਾਂ ਨੂੰ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਕਰੇ ਕੇਂਦਰ : ਅਦਾਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕਾਂਤਵਾਸ ਦਾ ਸਮਾਂ ਛੁੱਟੀ ਨਾ ਮੰਨਿਆ ਜਾਵੇ

Supreme Court

ਨਵੀਂ ਦਿੱਲੀ, 31 ਜੁਲਾਈ : ਕੇਂਦਰ ਨੇ ਸੁਪਰੀਮ ਕੋਰਟ ਨੂੰ ਦਸਿਆ ਕਿ ਕੋਰੋਨਾ ਵਾਇਰਸ ਸੰਕਟ ਨਾਲ ਸਿੱਝਣ ਵਿਚ ਲੱਗੇ ਸਿਹਤ ਕਾਮਿਆਂ ਨੂੰ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਸਬੰਧੀ ਨਿਰਦੇਸ਼ਾਂ ਦੀ ਮਹਾਰਾਸ਼ਟਰ, ਪੰਜਾਬ, ਕਰਨਾਟਕ ਅਤੇ ਤ੍ਰਿਪੁਰਾ ਨੇ ਹੁਣ ਤਕ ਪਾਲਣਾ ਨਹੀਂ ਕੀਤੀ। ਇਸ 'ਤੇ ਅਦਾਲਤ ਨੇ ਕਿਹਾ ਕਿ ਕੇਂਦਰ ਨਿਰਦੇਸ਼ਾਂ ਦੀ ਪਾਲਣ ਕਰਾਉਣ ਵਿਚ ਏਨਾ ਬੇਵੱਸ ਨਹੀਂ ਹੋ ਸਕਦਾ। ਅਦਾਲਤ ਨੇ ਕੇਂਦਰ ਨੂੰ ਨਿਰਦੇਸ਼ ਦਿਤਾ ਕਿ ਉਹ ਕੋਰੋਨਾ ਵਾਇਰਸ ਸਬੰਧੀ ਡਿਊਟੀ ਵਿਚ ਤੈਨਾਤ ਅਗਲੀ ਕਤਾਰ ਦੇ ਮੁਲਾਜ਼ਮਾਂ ਅਤੇ ਡਾਕਟਰਾਂ ਦੀ ਤਨਖ਼ਾਹ ਸਮੇਂ ਸਿਰ ਜਾਰੀ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਵੇ। ਜੱਜ ਅਸ਼ੋਕ ਭੂਸ਼ਣ, ਜੱਜ ਆਰ ਸੁਭਾਸ਼ ਰੈਡੀ ਅਤੇ ਜੱਜ ਐਮ ਆਰ ਸ਼ਾਹ ਦੇ ਬੈਂਚ ਨੇ ਸਿਹਤ ਕਾਮਿਆਂ ਦੇ ਲਾਜ਼ਮੀ ਇਕਾਂਤਵਾਸ ਦੇ ਸਮੈਂ ਨੂੰ ਛੁੱਟੀ ਮੰਨਣ ਅਤੇ ਇਸ ਅਰਸੇ ਦੀ ਤਨਖ਼ਾ ਕੱਟਣ ਬਾਰੇ ਵੀ ਕੇਂਦਰ ਕੋਲੋਂ ਸਪੱਸ਼ਟੀਕਰਨ ਮੰਗਿਆ।

ਕੇਂਦਰ ਵਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ, 'ਜੇ ਰਾਜ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਤਾਂ ਤੁਸੀਂ ਵੀ ਬੇਵੱਸ ਨਹੀਂ। ਤੁਹਾਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਤੁਹਾਡੇ ਹੁਕਮਾਂ ਦੀ ਪਾਲਣਾ ਹੋਵੇ। ਤੁਹਾਡੇ ਕੋਲ ਤਾਕਤ ਹੈ। ਤੁਸੀਂ ਕਦਮ ਚੁੱਕ ਸਕਦੇ ਹੋ।' ਮਹਿਤਾ ਨੇ ਕਿਹਾ ਕਿ ਸਿਹਤ ਕਾਮਿਆਂ ਦੀ ਤਨਖ਼ਾਹ ਦੀ ਅਦਾਇਗੀ ਦੇ ਸਬੰਧ ਵਿਚ ਸਿਖਰਲੀ ਅਦਾਲਤ ਦੇ 17 ਜੂਨ ਦੇ ਹੁਕਮਾਂ ਮਗਰੋਂ 18 ਜੂਨ ਨੂੰ ਸਾਰੇ ਰਾਜਾਂ ਨੂੰ ਜ਼ਰੂਰੀ ਹੁਕਮ ਦਿਤੇ ਗਏ ਸਨ। ਉਨ੍ਹਾਂ ਕਿਹਾ ਕਿ ਕਈ ਰਾਜਾਂ ਨੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕੀਤੀ ਪਰ ਮਹਾਰਾਸ਼ਟਰ, ਪੰਜਾਬ, ਤ੍ਰਿਪੁਰਾ ਅਤੇ ਕਰਨਾਟਕ ਜਿਹੇ ਕੁੱਝ ਰਾਜਾਂ ਨੇ ਡਾਕਟਰਾਂ ਅਤੇ ਸਿਹਤ ਕਾਮਿਆਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਦਿਤੀ ਗਈ। ਅਦਾਲਤ ਇਯ ਮਾਮਲੇ 'ਚ ਹੁਣ 10 ਅਗੱਸਤ ਨੂੰ ਅਗਲੀ ਸੁਣਵਾਈ ਕਰੇਗੀ।