ਮਣੀਪੁਰ ਦੇ ਸਾਬਕਾ ਕਾਂਗਰਸ ਪ੍ਰਧਾਨ ਕੋਂਥੂਜਾਮ ਭਾਜਪਾ ਵਿਚ ਹੋਏ ਸ਼ਾਮਲ
ਪਿਛਲੇ ਦਿਨੀਂ ਕੋਂਥੂਜਾਮ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮਣੀਪੁਰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਨਵੀਂ ਦਿੱਲੀ: ਮਣੀਪੁਰ ਕਾਂਗਰਸ ਦੇ ਸਾਬਕਾ ਪ੍ਰਧਾਨ ਗੋਵਿੰਦਦਾਸ ਕੋਂਥੂਜਾਮ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਏ ਹਨ। ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ, ਸੂਬੇ ਦੇ ਕੇਂਦਰੀ ਇੰਚਾਰਜ ਸੰਬਿਤ ਪਾਤਰਾ ਅਤੇ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਮੀਡੀਆ ਵਿਭਾਗ ਦੇ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ਵਿਚ, ਰਾਜਧਾਨੀ ਵਿਚ ਭਾਜਪਾ ਮੁੱਖ ਦਫਤਰ ਵਿਚ ਕੋਂਥੂਜਾਮ ਨੂੰ ਭਾਜਪਾ ਦੀ ਮੈਂਬਰਸ਼ਿਪ ਦਿੱਤੀ ਗਈ।
ਇਸ ਮੌਕੇ ਬੋਲਦਿਆਂ, ਬਲੂਨੀ ਨੇ ਕਿਹਾ, “ਅਸੀਂ ਉਨ੍ਹਾਂ ਦਾ ਭਾਜਪਾ ਪਰਿਵਾਰ ਵਿਚ ਸਵਾਗਤ ਕਰਦੇ ਹਾਂ।” ਪਾਤਰਾ ਨੇ ਕਿਹਾ ਕਿ ਕੋਂਥੂਜਾਮ ਨਾ ਸਿਰਫ਼ ਮਨੀਪੁਰ ਵਿਚ, ਬਲਕਿ ਪੂਰੇ ਉੱਤਰ-ਪੂਰਬ ਵਿਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਤੋਂ ਪ੍ਰਭਾਵਤ ਸਨ।
ਉਨ੍ਹਾਂ ਕਿਹਾ, "ਇਹ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਕਾਰਜਾਂ 'ਤੇ ਮੋਹਰ ਹੈ।" ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਕਿ ਮਣੀਪੁਰ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਹ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।
ਇਸ ਮੌਕੇ 'ਤੇ ਕੋਂਥੂਜਮ ਨੇ ਕਿਹਾ, "ਮੈਂ ਪਾਰਟੀ ਲਈ ਆਪਣੇ ਪੂਰੇ ਦਿਲ ਨਾਲ ਕੰਮ ਕਰਾਂਗਾ ਅਤੇ ਪਾਰਟੀ ਦੇ ਆਦੇਸ਼ਾਂ ਅਨੁਸਾਰ ਕੰਮ ਕਰਾਂਗਾ। ਮੈਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਪੂਰਨ ਬਹੁਮਤ ਦੇ ਕੇ ਸੱਤਾ ਵਿਚ ਵਾਪਸੀ ਲਈ ਮਿਹਨਤ ਨਾਲ ਕੰਮ ਕਰਾਂਗਾ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੋਂਥੂਜਾਮ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮਣੀਪੁਰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।