MP ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਉਣ ਦੇ ਮਾਮਲੇ 'ਤੇ ਹੋਈ ਸੁਣਵਾਈ, HC ਨੇ ਸੁਣਾਇਆ ਇਹ ਫ਼ੈਸਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੂੰ ਆਪਣੇ ਪੱਧਰ 'ਤੇ ਫ਼ੈਸਲਾ ਕਰ ਕੇ ਅਪੀਲਕਰਤਾ ਨੂੰ ਸੂਚਿਤ ਕਰਨ ਦਾ ਦਿਤਾ ਨਿਰਦੇਸ਼ 

High Court

ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਪਟੀਸ਼ਨ ਦਾ ਨਿਪਟਾਰਾ
ਚੰਡੀਗੜ੍ਹ :
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਘਵ ਚੱਢਾ ਦੀ ਸਲਾਹਕਾਰ ਬੋਰਡ ਦੇ ਚੇਅਰਮੈਨ ਵਜੋਂ ਹੋਈ ਨਿਯੁਕਤੀ ਨੂੰ ਲੈ ਕੇ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਵਿਚ ਅਪੀਲਕਰਤਾ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਫ਼ੈਸਲੇ ਨੂੰ ਲੈ ਕੇ ਅਪੀਲਕਰਤਾ ਨੂੰ ਸੂਚਿਤ ਕਰ ਦਿੱਤਾ ਜਾਵੇ।

 ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰ ਵਲੋਂ ਵਕੀਲ ਗੁਰਮਿੰਦਰ ਸਿੰਘ ਨੇ ਕਿਹਾ ਹੈ ਕਿ ਅੱਜ ਕੋਰਟ ਵਿਚ ਮਾਮਲੇ ਦੀ ਸੁਣਵਾਈ ਹੋਈ ਹੈ ਅਤੇ ਅਪੀਲਕਰਤਾ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਕੁਝ ਖਾਮੀਆਂ ਸਨ ਜੋ ਬੈਂਚ ਨੇ ਅਪੀਲਕਰਤਾ ਤੋਂ ਪੁੱਛਿਆਂ ਹਨ। ਜਿਸ ਦਾ ਉਨ੍ਹਾਂ ਵਲੋਂ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਗਈ।

ਅਖੀਰ ਕੋਰਟ ਨੇ ਇਸ ਪਟੀਸ਼ਨ 'ਤੇ ਫ਼ੈਸਲਾ ਲੈਣ ਦਾ ਹੱਕ ਸਰਕਾਰ ਨੂੰ ਦੇ ਦਿਤਾ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ 'ਤੇ ਸਰਕਾਰ ਆਪਣੇ ਪੱਧਰ 'ਤੇ ਫ਼ੈਸਲਾ ਲਵੇ। ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਜੋ ਵੀ ਅਪੀਲਕਰਤਾ ਦੇ ਸ਼ੰਕੇ ਹਨ ਸਰਕਾਰ ਉਨ੍ਹਾਂ ਦਾ ਜਵਾਬ ਦੇਵੇ। ਕੋਰਟ ਨੇ ਇਸ ਬਾਬਤ ਪਟੀਸ਼ਨ ਨੂੰ ਖਤਮ ਕਰ ਦਿਤਾ ਹੈ ਅਤੇ ਕੋਈ ਵੀ ਹੋਰ ਨੋਟਿਸ ਜਾਰੀ ਨਹੀਂ ਹੋਇਆ ਹੈ।