ਦੇਸ਼ ਵਿਚ ਮੰਕੀਪੌਕਸ ਦੇ ਮਾਮਲਿਆਂ ਦੀ ਨਿਗਰਾਨੀ ਲਈ ਟਾਸਕ ਫੋਰਸ ਦਾ ਗਠਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਮਵਾਰ ਨੂੰ ਇੱਕ 22 ਸਾਲਾ ਵਿਅਕਤੀ ਨੂੰ ਮੰਕੀਪੌਕਸ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਦੀ ਪਿਛਲੇ ਹਫ਼ਤੇ ਕੇਰਲ ਵਿਚ ਮੌਤ ਹੋ ਗਈ ਸੀ

monkeypox

 

ਨਵੀਂ ਦਿੱਲੀ - ਦੇਸ਼ ਵਿਚ ਮੰਕੀਪੌਕਸ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਅਤੇ ਲਾਗ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਕਦਮਾਂ ਦਾ ਫ਼ੈਸਲਾ ਕਰਨ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਟਾਸਕ ਫੋਰਸ ਦੇਸ਼ ਵਿਚ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਜਾਂਚ ਕੇਂਦਰਾਂ ਦੇ ਵਿਸਤਾਰ 'ਤੇ ਸਰਕਾਰ ਦਾ ਮਾਰਗਦਰਸ਼ਨ ਕਰੇਗੀ ਅਤੇ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਨਾਲ ਸਬੰਧਤ ਪਹਿਲੂਆਂ ਦੀ ਨਿਗਰਾਨੀ ਕਰੇਗੀ।

ਸੋਮਵਾਰ ਨੂੰ ਇੱਕ 22 ਸਾਲਾ ਵਿਅਕਤੀ ਨੂੰ ਮੰਕੀਪੌਕਸ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਦੀ ਪਿਛਲੇ ਹਫ਼ਤੇ ਕੇਰਲ ਵਿਚ ਮੌਤ ਹੋ ਗਈ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਵਿਅਕਤੀ ਹਾਲ ਹੀ 'ਚ ਸੰਯੁਕਤ ਅਰਬ ਅਮੀਰਾਤ ਤੋਂ ਪਰਤਿਆ ਸੀ ਅਤੇ ਉਥੇ ਉਸ ਦੇ ਸੈਂਪਲ ਵੀ ਟੈਸਟ 'ਚ ਸੰਕਰਮਿਤ ਪਾਏ ਗਏ ਸਨ। ਭਾਰਤ ਵਿਚ ਹੁਣ ਤੱਕ ਇਸ ਬਿਮਾਰੀ ਦੇ ਪੰਜ ਮਾਮਲੇ ਸਾਹਮਣੇ ਆ ਚੁੱਕੇ ਹਨ।

ਟਾਸਕ ਫੋਰਸ ਦੇ ਗਠਨ ਦਾ ਫੈਸਲਾ 26 ਜੁਲਾਈ ਨੂੰ ਦੇਸ਼ ਵਿਚ ਚੱਲ ਰਹੀ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਸੀ। ਡਾ. ਵੀ.ਕੇ. ਪਾਲ, ਮੈਂਬਰ (ਸਿਹਤ), ਨੀਤੀ ਆਯੋਗ ਟਾਸਕ ਫੋਰਸ ਦੀ ਅਗਵਾਈ ਕਰਨਗੇ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਹਾਲ ਹੀ ਵਿਚ ਮੰਕੀਪੌਕਸ ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੈ। ਵਿਸ਼ਵ ਪੱਧਰ 'ਤੇ, 75 ਦੇਸ਼ਾਂ ਵਿਚ ਮੰਕੀਪੌਕਸ ਦੇ 16,000 ਤੋਂ ਵੱਧ ਮਾਮਲੇ ਪਾਏ ਗਏ ਹਨ।