4 ਅਗਸਤ ਤੱਕ ਈਡੀ ਦੀ ਹਿਰਾਸਤ 'ਚ ਸੰਜੇ ਰਾਉਤ, ਏਜੰਸੀ ਨੇ ਅਦਾਲਤ ਤੋਂ ਮੰਗੀ ਸੀ 8 ਦਿਨਾਂ ਦੀ ਹਿਰਾਸਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਏਜੰਸੀ ਨੇ ਕਿਹਾ- 3 ਵਾਰ ਸੰਮਨ ਭੇਜੇ ਪਰ ਰਾਉਤ ਨਹੀਂ ਆਏ

Sanjay Raut

 

ਨਵੀਂ ਦਿੱਲੀ - ਪਾਤਰਾ ਚਾਵਲ ਘੁਟਾਲੇ ਵਿਚ ਗ੍ਰਿਫ਼ਤਾਰ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੂੰ ਸੋਮਵਾਰ ਨੂੰ ਪੀਐਮਐਲਏ ਅਦਾਲਤ ਨੇ 4 ਅਗਸਤ ਤੱਕ ਈਡੀ ਰਿਮਾਂਡ ’ਤੇ ਭੇਜ ਦਿੱਤਾ ਹੈ। ਹਾਲਾਂਕਿ ਈਡੀ ਨੇ ਅਦਾਲਤ ਤੋਂ ਅੱਠ ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਈਡੀ ਨੇ ਅਦਾਲਤ ਵਿਚ ਕਿਹਾ ਕਿ ਅਸੀਂ 3 ਵਾਰ ਸੰਮਨ ਭੇਜੇ, ਪਰ ਰਾਉਤ ਜਾਣ ਬੁੱਝ ਕੇ ਪੇਸ਼ ਨਹੀਂ ਹੋਏ। ਇਸ ਮਾਮਲੇ ਨਾਲ ਸਬੰਧਤ ਸਬੂਤਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ।

ਊਧਵ ਠਾਕਰੇ ਨੇ ਸੰਜੇ ਰਾਉਤ ਦੀ ਗ੍ਰਿਫ਼ਤਾਰੀ ਨੂੰ ਗਲਤ ਕਰਾਰ ਦਿੱਤਾ ਹੈ। ਠਾਕਰੇ ਨੇ ਕਿਹਾ ਕਿ ਮੈਨੂੰ ਸੰਜੇ ਰਾਉਤ 'ਤੇ ਮਾਣ ਹੈ। ਅੱਜ ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਸੰਵਿਧਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਊਧਵ ਨੇ ਕਿਹਾ - ਮੈਨੂੰ ਮਰਨਾ ਮਨਜ਼ੂਰ ਹੈ ਪਰ ਝੁਕਣਾ ਨਹੀਂ। 
ਊਧਵ ਠਾਕਰੇ ਨੇ ਕਿਹਾ ਕਿ ਸੱਤਾ ਦੇ ਨਸ਼ੇ 'ਚ ਧੁੱਤ ਲੋਕ ਇਹ ਭੁੱਲ ਗਏ ਹਨ ਕਿ ਸਮਾਂ ਹਮੇਸ਼ਾ ਬਦਲਦਾ ਹੈ, ਸਾਡਾ ਸਮਾਂ ਆਉਣ 'ਤੇ ਕੀ ਹੋਵੇਗਾ। ਭਾਜਪਾ ਖ਼ਿਲਾਫ਼ ਬੋਲਣ ਵਾਲਿਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਮੇਰੇ ਨਾਲ ਹਨ, ਉਹ ਧੋਖੇ ਨਹੀਂ ਕਰ ਸਕਦੇ। ਮੈਂਨੂੰ ਮਰਨਾ ਮਨਜ਼ੂਰ ਹੈ ਪਰ ਮੈਂ ਉਹਨਾਂ ਦੀ ਸ਼ਰਨ ਨਹੀਂ ਲਵਾਂਗਾ, ਜੋ ਝੁਕਣ ਵਾਲੇ ਸਨ ਉਹ ਹਵਾ ਵਿਚ ਚਲੇ ਗਏ। 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਤ 12 ਵਜੇ ਰਾਉਤ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਈਡੀ ਨੇ ਬੁੱਧਵਾਰ ਨੂੰ ਸਾਢੇ ਛੇ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਕਾਰਵਾਈ ਕੀਤੀ। ਰਾਉਤ ਐਤਵਾਰ ਸ਼ਾਮ 5.30 ਵਜੇ ਈਡੀ ਦਫ਼ਤਰ ਪਹੁੰਚੇ ਸਨ। ਰਾਉਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਭਰਾ ਸੁਨੀਲ ਰਾਉਤ ਨੇ ਕਿਹਾ ਕਿ ਉਸ ਨੂੰ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਸਬੰਧੀ ਸਾਨੂੰ ਕੋਈ ਕਾਗਜ਼ ਨਹੀਂ ਦਿੱਤਾ ਗਿਆ ਹੈ। ਭਾਜਪਾ ਸੰਜੇ ਰਾਉਤ ਤੋਂ ਡਰਦੀ ਹੈ, ਇਸ ਲਈ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ।