ਹਿੰਸਾ ਤੋਂ ਬਾਅਦ ਹਰਿਆਣਾ 'ਚ ਤਣਾਅ : ਨੂਹ 'ਚ 2 ਦਿਨ ਦਾ ਕਰਫਿਊ

ਏਜੰਸੀ

ਖ਼ਬਰਾਂ, ਰਾਸ਼ਟਰੀ

20 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ, 6 ਜ਼ਿਲਿਆਂ 'ਚ ਧਾਰਾ 144, ਇੰਟਰਨੈੱਟ ਬੰਦ

photo

 

ਨੂਹ : ਹਰਿਆਣਾ ਦੇ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਨੂਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾਇਆ ਗਿਆ ਹੈ। ਸਥਿਤੀ 'ਤੇ ਕਾਬੂ ਪਾਉਣ ਲਈ ਪੂਰੇ ਇਲਾਕੇ 'ਚ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਹੁਣ ਇਹ ਹਿੰਸਾ ਮੇਵਾਤ, ਸੋਹਾਣਾ, ਰੇਵਾੜੀ, ਗੁੜਗਾਓਂ, ਪਲਵਲ, ਫਰੀਦਾਬਾਦ ਤੱਕ ਫੈਲ ਗਈ ਹੈ। ਇਸ ਦੇ ਮੱਦੇਨਜ਼ਰ 6 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਇੰਟਰਨੈੱਟ ਬੰਦ ਹੈ। ਨੂਹ, ਫਰੀਦਾਬਾਦ ਅਤੇ ਪਲਵਲ 'ਚ ਮੰਗਲਵਾਰ ਯਾਨੀ 1 ਅਗਸਤ ਨੂੰ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ।

ਨੂਹ 'ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ। ਇਹ ਪ੍ਰੀਖਿਆਵਾਂ 1 ਅਤੇ 2 ਅਗਸਤ ਨੂੰ ਹੋਣੀਆਂ ਸਨ। ਡੀਸੀ ਪ੍ਰਸ਼ਾਂਤ ਪੰਵਾਰ ਨੇ ਸ਼ਾਂਤੀ ਬਹਾਲੀ ਨੂੰ ਲੈ ਕੇ ਅੱਜ ਫਿਰ 11 ਵਜੇ ਸਰਵ ਸਮਾਜ ਦੀ ਮੀਟਿੰਗ ਸੱਦੀ ਹੈ।

ਦਰਅਸਲ ਸੋਮਵਾਰ ਨੂੰ ਨੂਹ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ 'ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਇਸ ਨੇ ਹਿੰਸਾ ਨੂੰ ਭੜਕਾਇਆ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਗੋਲੀਬਾਰੀ ਹੋਈ। ਇਸ ਦੌਰਾਨ ਹੁਣ ਤੱਕ ਗੁੜਗਾਓਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸਮੇਤ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਤੋਂ ਵੱਧ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਹੋਰ ਜ਼ਖਮੀ ਹੋਏ ਹਨ।

ਗ੍ਰਹਿ ਮੰਤਰੀ ਵਿਜ ਨੇ ਕਿਹਾ ਕਿ ਹਿੰਸਾ ਦੌਰਾਨ ਪੱਥਰ, ਹਥਿਆਰ, ਗੋਲੀਆਂ ਦੀ ਵਰਤੋਂ ਕੀਤੀ ਗਈ ਹੈ। ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਹਿੰਸਾ ਪਿੱਛੇ ਜ਼ਰੂਰ ਕੋਈ ਨਾ ਕੋਈ ਮਾਸਟਰਮਾਈਂਡ ਹੈ। ਕਿਉਂਕਿ ਯਾਤਰਾ ਹਰ ਸਾਲ ਕੱਢੀ ਜਾਂਦੀ ਹੈ ਪਰ ਹਿੰਸਾ ਇਸ ਵਾਰ ਹੀ ਕਿਉਂ ਹੋਈ। ਵਿਜ ਨੇ ਕਿਹਾ ਕਿ ਨੂਹ ਜ਼ਿਲ੍ਹੇ ਵਿੱਚ ਕਰਫਿਊ ਲਗਾਇਆ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਸਾ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ, ਜਿੱਥੋਂ ਲੋਕਾਂ ਨੇ ਉਨ੍ਹਾਂ ਨੂੰ ਗੂਗਲ ਲੋਕੇਸ਼ਨ ਭੇਜੀ, ਜਿਸ ਤੋਂ ਬਾਅਦ ਉਨ੍ਹਾਂ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਮਮਤਾ ਸਿੰਘ ਨੇ ਪੁਲਿਸ ਫੋਰਸ ਦੀ ਅਗਵਾਈ ਕਰਦੇ ਹੋਏ ਲੋਕਾਂ ਨੂੰ ਬੜੀ ਹਿੰਮਤ ਨਾਲ ਉਥੋਂ ਬਾਹਰ ਕੱਢਿਆ |

ਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਨੂਹ ਹਿੰਸਾ ਨੂੰ ਲੈ ਕੇ ਭਾਜਪਾ-ਜੇਜੇਪੀ ਗਠਜੋੜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਭਾਜਪਾ-ਜੇਜੇਪੀ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।

ਨੂਹ ਵਿਚ ਹੋਈ ਹਿੰਸਾ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ। ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਸ਼ਾਂਤੀ ਬਣਾਈ ਰੱਖਣ ਲਈ ਸੰਵੇਦਨਸ਼ੀਲਤਾ ਨਾਲ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੋਕਾਂ ਨੂੰ ਭੜਕਾਹਟ ਅਤੇ ਅਫਵਾਹਾਂ 'ਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਪਿਆਰ ਅਤੇ ਭਾਈਚਾਰਾ ਕਾਇਮ ਕਰਨ ਲਈ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ।

ਹਰਿਆਣਾ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਨੂਹ ਵਿਚ ਸਮਾਜਿਕ ਯਾਤਰਾ ਵਿਚ ਵਿਘਨ ਪਾਉਣ ਲਈ ਸੋਚੇ-ਸਮਝੇ ਅਤੇ ਸਾਜ਼ਿਸ਼ ਤਹਿਤ ਇਹ ਹਮਲਾ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜੋ ਕਿ ਇੱਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ।

ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਭੇਜੇ ਗਏ ਸੁਰੱਖਿਆ ਬਲ ਇਸ ਸਮੇਂ ਉੱਥੇ ਤਾਇਨਾਤ ਹਨ ਅਤੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਗਿਆ ਹੈ। ਹਰਿਆਣਾ ਦੀਆਂ 30 ਕੰਪਨੀਆਂ ਪਹੁੰਚ ਚੁਕੀਆਂ ਹਨ। ਹੁਣ ਤੱਕ 44 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤੱਕ ਪੰਜ ਮੌਤਾਂ ਹੋ ਚੁੱਕੀਆਂ ਹਨ। ਸਾਰੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ।

ਇਸ ਮਾਮਲੇ ਵਿੱਚ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਹੁਣ ਤੱਕ ਕੁੱਲ 70 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਭਵਿੱਖ ਵਿੱਚ ਵੀ ਸਥਿਤੀ ਆਮ ਵਾਂਗ ਰਹੇ।