AAP Leader Neel Garg : ਸੰਸਦ ਭਵਨ ਤੋਂ ਪਾਣੀ ਟਪਕਣ 'ਤੇ 'ਆਪ' ਨੇ ਕਿਹਾ - ਨਰਿੰਦਰ ਮੋਦੀ ਦੀ ਖੁੱਲ੍ਹੀ ਪੋਲ
ਮੋਦੀ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਗੱਲ ਕਰਦੇ ਹਨ, ਜਦੋਂਕਿ ਉਨ੍ਹਾਂ ਦੇ ਆਪਣੇ ਸਾਰੇ ਕੰਮ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਹਨ - ਨੀਲ ਗਰਗ
AAP Leader Neel Garg : ਬੁੱਧਵਾਰ ਨੂੰ ਦਿੱਲੀ ਵਿੱਚ ਮੀਂਹ ਦੌਰਾਨ ਨਵੀਂ ਸੰਸਦ ਭਵਨ ਤੋਂ ਪਾਣੀ ਦੇ ਟਪਕਣ 'ਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ।
‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਹਮੇਸ਼ਾ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਗੱਲ ਕਰਦੇ ਹਨ ਜਦਕਿ ਉਨ੍ਹਾਂ ਦੇ ਸਾਰੇ ਕੰਮ ਭ੍ਰਿਸ਼ਟਾਚਾਰ ਨਾਲ ਭਰੇ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਪਹਿਲੀ ਬਰਸਾਤ ਵਿੱਚ ਹੀ ਲੀਕ ਹੋਣੀ ਸ਼ੁਰੂ ਹੋ ਗਈ। ਇੰਨਾ ਹੀ ਨਹੀਂ ਪਿਛਲੇ ਕੁੱਝ ਦਿਨ ਪਹਿਲਾਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਛੱਤ ਡਿੱਗ ਗਈ। ਇਸ ਤੋਂ ਇਲਾਵਾ ਢਹਿ ਢੇਰੀ ਹੋਏ ਹੋਰ ਵੀ ਕਈ ਪੁਲ ਨਰਿੰਦਰ ਮੋਦੀ ਸਰਕਾਰ ਦੌਰਾਨ ਬਣਾਏ ਗਏ ਸਨ।
ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਮੰਦਰ, ਸੰਸਦ ਭਵਨ ਤੋਂ ਹੀ ਪਾਣੀ ਨਹੀਂ ਟਪਕ ਰਿਹਾ, ਉਨ੍ਹਾਂ ਵੱਲੋਂ ਬਣਾਏ ਰਾਮ ਮੰਦਰ ਦੀ ਛੱਤ ਤੋਂ ਵੀ ਪਾਣੀ ਟਪਕ ਰਿਹਾ ਹੈ। 'ਮੁਹ 'ਤੇ ਰਾਮ, ਬਗਲ 'ਚ ਛੂਰੀ' ਕਹਾਵਤ ਭਾਜਪਾ ਦੇ ਕੰਮ 'ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।
ਨੀਲ ਗਰਗ ਨੇ ਕਿਹਾ ਕਿ ਇੰਨੇ ਵੱਡੇ ਘੁਟਾਲੇ ਭਾਰਤ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਏ ਜਿੰਨੇ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਹੋਏ ਹਨ। ਇਲੈਕਟੋਰਲ ਬਾਂਡ ਘੋਟਾਲਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ‘ਭ੍ਰਿਸ਼ਟਾਚਾਰੀ ਜਨਤਾ ਪਾਰਟੀ’ ਬਣ ਚੁੱਕੀ ਹੈ।