ਕੈਪਟਨ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੀ ਦਾ ਮੁੱਦਾ ਪੁੱਜਿਆ ਰਾਹੁਲ ਦੇ ਦਰਬਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦੀ ਗੈਰਹਾਜ਼ਰੀ ਵਿਚ ਕੋਮੀ ਜਰਨਲ ਸਕੱਤਰ ਮੋਤੀ ਲਾਲ ਵੋਹਰਾਂ ਵੱਲੋਂ ਵਫਦ ਨਾਲ ਕੀਤੀ ਮੀਟਿੰਗ, ਪੰਜਾਬ ਸਰਕਾਰ ਨਾਲ ਜਲਦ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ

employees

ਨਵੀ ਦਿੱਲੀ : ਇਕ ਵੱਖਰੀ ਤਰਾ ਦਾ ਇਤਿਹਾਸ ਰਚਦੇ ਹੋਏ ਪੰਜਾਬ ਦੀ ਕਾਂਗਰਸ ਸਰਕਾਰ ਨੇ 17 ਮਹੀਨੇ ਸਿਰਫ ਇਹ ਕਹਿ ਕੇ ਲੰਘਾ ਦਿੱਤੇ ਕਿ ਸਾਡੇ ਕੋਲ ਪੈਸਾ ਨਹੀ ਹੈ ਤੇ ਖਜ਼ਾਨਾਂ ਭਰਨ ਲਈ ਸਰਕਾਰ ਨੇ ਪੰਜਾਬ ਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਦੀਆ ਜੇਬਾਂ ਵਿਚੋਂ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਤਾਜ਼ਾ ਮਿਸਾਲ ਹੈ ਕਿ ਪੰਜਾਬ ਦੀ ਸਰਕਾਰ ਨੇ 17 ਮਹੀਨਿਆ ਦੋਰਾਨ ਕਿਸੇ  ਵੀ ਮੁਲਾਜ਼ਮ ਨੂੰ ਇਕ ਨਵੇਂ ਰੁਪਏ ਦਾ ਵਾਧਾ ਤਾ ਨਹੀ ਦਿੱਤਾ ਪ੍ਰੰਤੂ 2400 ਰੁਪਏ ਕੱਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੱਚੇ ਮੁਲਾਜ਼ਮ ਜੋ ਥੌੜੀ ਬਹੁਤ ਤਨਖਾਹ ਲੈ ਰਹੇ ਹਨ ਉਹ ਵੀ ਕੱਟਣੀ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਅਤੇ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੋਟਾਂ ਦੋਰਾਨ ਖੁਦ ਜਾ ਕੇ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਸਨ ਮੁਲਾਜ਼ਮ ਨੂੰ ਬਕਾਇਦਾ ਬੁਲਾ ਕੇ ਉਨਾਂ ਦੀਆ ਮੰਗਾਂ ਚੋਣ ਮੈਨੀਫੈਸਟੋ ਵਿਚ ਪਾਈਆ ਗਈ ਸਨ ਇਥੋ ਤੱਕ ਕਿ ਮੁੱਖ ਮੰਤਰੀ ਮੁਲਾਜ਼ਮਾਂ ਦੇ ਧਰਨੇ ਪ੍ਰਦਰਸ਼ਨ ਵਿਚ ਵੀ ਗਏ ਅਤੇ ਅਖਬਾਰਾਂ ਤੇ ਸ਼ੋਸ਼ਲ ਮੀਡੀਆ ਰਾਹੀ ਵਾਰ ਵਾਰ ਇਹ ਵਿਸ਼ਵਾਸ ਦੁਆਉਦੇ ਰਹੇ ਕਿ ਕਾਂਗਰਸ ਸਰਕਾਰ ਆਉਣ ਤੇ ਸਭ ਤੋਂ ਪਹਿਲਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਮੁਲਾਜ਼ਮਾਂ ਦੀਆ ਡੀ ਏ ਦੀਆ ਕਿਸ਼ਤਾ ਜ਼ਾਰੀ ਕੀਤੀਆ ਜਾਣਗੀਆ।

ਇੱਥੋ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੋਜਵਾਨਾਂ ਨਾਲ ਕੰਨਟ੍ਰੈਕਟ ਆਉਟਸੋਰਸ ਅਤੇ ਇੰਨਲਿਸਟਮੈਂਟ ਨੀਤੀ ਰਾਹੀ ਹੋ ਰਹੇ ਆਰਥਿਕ ਅਤੇ ਸਮਾਜਿਕ ਸ਼ੋਸ਼ਣ ਬਾਰੇ ਬਹੁਤ ਚਿੰਤਤ ਸਨ ਅਤੇ ਕਹਿੰਦੇ ਸਨ ਕਿ ਜਿੰਨੀ ਤਨਖਾਹ ਅੱਜ ਦੇ ਪੜੇ ਲਿਖੇ ਨੋਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਉਸ ਤੋਂ ਜ਼ਿਆਦਾ ਤਾਂ ਮੇਰਾ ਮਾਲੀ ਤਨਖਾਹ ਲੈ ਰਿਹਾ ਹੈ ਪਰ ਹੁਣ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਮੁੱਖ ਮੰਤਰੀ ਨੂੰ ਇੰਨਾ ਦਾ ਸ਼ੋਸ਼ਣ ਨਜ਼ਰ ਆ ਰਿਹਾ ਹੈ

ਅਤੇ ਨਾ ਮੁਲਾਜ਼ਮਾਂ ਦੇ ਬਕਾਏ ਅਤੇ ਡੀ ਏ ਬਾਰੇ ਕੋਈ ਗੱਲ ਕੀਤੀ ਹੈ।ਇਸੇ ਗੱਲ ਤੋਂ ਦੁਖੀ ਪੰਜਾਬ ਦੇ ਮੁਲਾਜ਼ਮਾਂ ਪਹਿਲਾਂ  ਕੀਤੇ ਐਲਾਨ ਅਨੁਸਾਰ ਅੱਜ ਇਕ ਵੱਡੇ ਵਫਦ ਨਾਲ ਕਾਂਗਰਸ ਦੇ ਕੋਮੀ ਦਫਤਰ ਦਿੱਲੀ ਵਿਖੇ ਪਹੁੰਚੇ  ਅਤੇ  ਕਾਂਗਰਸ  ਕੋਮੀ ਪ੍ਰਧਾਨ ਰਾਹੁਲ ਗਾਂਧੀ ਦੀ ਗੈਰਹਾਜ਼ਰੀ ਵਿਚ ਕੋਮੀ ਜਰਨਲ ਸਕੱਤਰ ਮੋਤੀਲਾਲ ਵੋਹਰਾਂ ਨਾਲ ਮੀਟਿੰਗ ਕੀਤੀ ਅਤੇ ਮੰਗਾਂ ਤੇ ਡਿਟੇਲ ਵਿਚਾਰ ਵਿਮਰਸ਼ ਕੀਤਾ। ਕਾਂਗਰਸ ਕੋਮੀ ਜਰਨਲ ਸਕੱਤਰ ਵੱਲੋਂ ਵਫਦ ਨੂੰ ਭਰੋਸਾ ਦੁਆਇਆ ਗਿਆ

ਕਿ ਜਲਦ ਹੀ ਪੰਜਾਬ ਸਰਕਾਰ ਨਾਲ ਮੁਲਾਜ਼ਮਾਂ ਦੀ ਮੀਟਿੰਗ ਕਰਵਾਈ ਜਾਵੇਗੀ।ਵਫਦ ਦੇ ਆਗੂ ਅਸ਼ੀਸ਼ ਜੁਲਾਹਾ, ਰਣਜੀਤ ਸਿੰਘ ਰਾਣਵਾਂ, ਅਮ੍ਰਿੰਤਪਾਲ ਸਿੰਘ, ਪ੍ਰਵੀਨ ਸ਼ਰਮਾਂ, ਰਜਿੰਦਰ ਸਿੰਘ ਸੰਧਾ, ਰਾਕੇਸ਼ ਕੁਮਾਰ, ਨੇ ਦੱਸਿਆ ਕਿ ਪਿਛਲੇ 17 ਮਹੀਨਿਆ ਤੋਂ ਮੁਲਾਜ਼ਮਾਂ ਵੱਲੋਂ ਲਗਾਤਾਰ ਸਘੰਰਸ਼ ਕੀਤਾ ਜਾ ਰਹਾ ਹੈ ਜਿਸ ਤਹਿਤ ਭੁੱਖ ਹੜਤਾਲ, ਪਟਿਆਲਾ ਚੰਡੀਗੜ 'ਚ ਰੈਲੀਆ, ਮੰਤਰੀਆ ਦੇ ਘਰ ਵੱਲ ਮਸ਼ਾਲ ਮਾਰਚ, ਵਿਧਾਇਕਾਂ ਨੂੰ ਧੱਕੇਸ਼ਾਹੀ ਅਵਾਰਡ ਦੇਣਾ, ਮੁੱਖ  ਮੰਤਰੀ ਦੇ ਕੀਤੇ ਟਵੀਟ ਦਾ ਇਕ ਸਾਲ ਪੂਰਾ ਹੋਣ ਤੇ ਕੇਕ ਕੱਟਣਾ,

ਮੁੱਖ ਮੰਤਰੀ ਮਿਲਾਓ ਇਨਾਮ ਪਾਓ ਯੋਜਨਾ ਸ਼ੁਰੂ ਕਰਨਾ, ਆਦਿ ਸ਼ਾਮਿਲ ਹਨ।ਇਥੋ ਤੱਕ ਕਿ 17 ਮਹੀਨਿਆ ਦੋਰਾਨ ਸਰਕਾਰ ਵੱਲੋਂ ਮੈਨੀਫੈਸਟੋ ਵਿਚ ਕੀਤੇ ਇਕ ਵੀ ਵਾਅਦੇ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਮੋਹਾਲੀ ਵਿਖੇ ਮੈਨੀਫੈਸਟੋ ਦੀ ਸ਼ੋਕ ਸਭਾ ਵੀ ਬੁਲਾਈ ਗਈ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਕਾਗਰਸ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ ਅਤੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਭੱਜ ਰਹੀ ਹੈ।ਇਸੇ ਕਾਰਨ ਹੀ ਮੁਲਾਜ਼ਮ ਅੱਜ ਪੰਜਾਬ ਛੱਡ ਕੇ ਦਿੱਲੀ ਆਏ ਹਨ

ਤਾਂ ਜੋ ਕਾਂਗਰਸ ਦੇ ਦਿੱਲੀ 'ਚ ਬੈਠੈ ਕੌਮੀ ਅਹੁਦੇਦਾਰਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਜਾਵੇ ਕਿ ਵਿਧਾਨ ਸਭਾ ਚੋਣਾਂ ਦੋਰਾਨ ਚੋਣ ਮੈਨੀਫੈਸਟੋ ਦੇ ਵਾਅਦੇ ਤਾਂ ਪੂਰੇ ਨਹੀ ਕੀਤੇ ਗਏ ਤੇ ਹੁਣ ਲੋਕ ਸਭਾ ਚੋਣਾਂ ਦਾ ਮੈਨੀਫੈਸਟੋ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਫਿਰ ਕਾਂਗਰਸ ਪਾਰਟੀ ਕਿਹੜੇ ਮੂੰਹ ਨਾਲ ਮੁਲਾਜ਼ਮਾਂ ਤੋਂ ਵੋਟਾਂ ਮੰਗੇਗੀ ਅਤੇ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਆਉਣ ਵਾਲੀਆ ਪੰਚਾਇਤੀ ਚੋਣਾਂ ਅਤੇ ਲੋਕ ਸਭਾ ਚੋਣਾਂ ਦੋਰਾਨ ਕਾਂਗਰਸ ਦਾ ਡੱਟਵਾਂ ਵਿਰੋਧ ਕਰਦੇ ਹੋਏ ਸਰਕਾਰ ਦੀਆ ਮਾੜੀਆ ਨੀਤੀਆ ਨੂੰ ਘਰ ਘਰ ਜਾ ਕੇ ਦੱਸਿਆ ਜਾਵੇਗਾ।

ਉਨਾਂ ਕਾਂਗਰਸ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀਆ ਹੇਠ ਲਿਖੀਆ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਨਹੀ ਤਾਂ 20 ਸਤੰਬਰ ਨੂੰ ਪਟਿਆਲਾ ਵਿਖੇ ਪੰਜਾਬ ਦੇ ਮੁਲਾਜ਼ਮ ਬਹੁਤ ਵੱਡੀ ਰੈਲੀ ਕਰਨਗੇ ਅਤੇ ਪ੍ਰਮੁੱਖ ਆਗੂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਇਸ ਮੋਕੇ ਵਫਦ ਵਿਚ ਮੇਲਾ ਰਾਮ, ਕ੍ਰਿਸ਼ਨ ਪ੍ਰਸਾਦਿ, ਰਾਮ ਅਵਤਾਰ, ਰਾਮ ਪ੍ਰਸਾਦਿ, ਸਨੀ ਕੁਮਾਰ, ਵਿਕਾਸ ਕੁਮਾਰ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਟੁਰਨਾ, ਚਮਕੋਰ ਸਿੰਘ, ਦਵਿੰਦਰਜੀਤ ਸਿਮਘ ਸ਼ਾਮਿਲ ਸਨ।


ਮੁਲਾਜ਼ਮਾਂ ਦੀਆ ਮੰਗਾਂ:-
ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਤੁਰੰਤ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
ਸੁਵਿਧਾ ਮੁਲਾਜ਼ਮਾਂ ਨੂੰ ਤੁਰੰਤ ਕੋ ਸਟੇਟਸ ਬਹਾਲ ਕੀਤਾ ਜਾਵੇ
ਮਹਿੰਗਾਈ ਭੱਤੇ ਦੀਆ ਰੋਕੀਆ ਕਿਸ਼ਤਾ ਤੁਰੰਤ ਜ਼ਾਰੀ ਕੀਤੀਆ ਜਾਣ।
2400 ਰੁਪਏ ਲਗਾਇਆ ਵਾਧੂ ਟੈਕਸ ਤੁਰੰਤ ਵਾਪਿਸ ਲਿਆ ਜਾਵੇ।