5 ਦਿਨ ਤੋਂ ਭੁੱਖਾ ਸੀ ਪਰਵਾਰ, ਬੇਬਸ ਪਿਓ ਨੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੁਜ਼ਗਾਰ ਦੀ ਭਾਲ 'ਚ ਦਿੱਲੀ ਗਿਆ, ਪਰ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕੋਈ ਕੰਮ ਨਾ ਮਿਲਿਆ

Starvation death in UP: Man commits suicide by hanging

ਕਾਸਗੰਜ : ਉੱਤਰ ਪ੍ਰਦੇਸ਼ ਦੇ ਕਾਸਗੰਜ 'ਚ ਇਕ ਪਰਵਾਰ ਬੀਤੇ 5 ਦਿਨ ਤੋਂ ਭੁੱਖ ਨਾਲ ਤੜਪ ਰਿਹਾ ਸੀ। ਪ੍ਰੇਸ਼ਾਨ ਹੋ ਕੇ ਪਰਵਾਰ ਦੇ ਮੁਖੀ ਨੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਕਾਸਗੰਜ ਦੇ ਨਾਇਬ ਤਹਿਸੀਲਦਾਰ ਮੌਕੇ 'ਤੇ ਪੁੱਜੇ ਅਤੇ ਪਰਵਾਰ ਨੂੰ ਰਾਸ਼ਨ ਉਪਲੱਬਧ ਕਰਵਾਇਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। 

ਕਸਬਾ ਵਿਲਰਾਮ 'ਚ ਰਹਿਣ ਵਾਲਾ ਪੂਰਨ ਸਿੰਘ ਕਾਫ਼ੀ ਦਿਨਾਂ ਤੋਂ ਆਪਣੇ ਪਰਵਾਰ ਦੇ ਪਾਲਣ-ਪੋਸ਼ਣ 'ਚ ਅਸਮਰੱਥ ਸੀ। ਪੂਰਨ ਸਿੰਘ ਆਪਣੇ ਪਰਵਾਰ ਦਾ ਢਿੱਡ ਭਰਨ ਲਈ ਕਾਫ਼ੀ ਕੋਸ਼ਿਸ਼ ਕਰ ਰਿਹਾ ਸੀ। ਉਹ ਰੁਜ਼ਗਾਰ ਦੀ ਭਾਲ 'ਚ ਦਿੱਲੀ ਗਿਆ, ਪਰ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਸ ਨੂੰ ਦਿੱਲੀ 'ਚ ਕੋਈ ਕੰਮ ਨਾ ਮਿਲਿਆ। ਪ੍ਰੇਸ਼ਾਨ ਹੋ ਕੇ ਪੂਰਨ ਸਿੰਘ ਆਪਣੇ ਵਾਪਸ ਘਰ ਆ ਗਿਆ। ਆਰਥਕ ਤੰਗੀ ਨਾਲ ਜੂਝ ਰਹੇ ਪੂਰਨ ਸਿੰਘ ਨੇ ਸਨਿਚਰਵਾਰ ਨੂੰ ਟਿਊਬਵੈਲ ਨੇੜੇ ਲੱਗੇ ਨਿੰਮ ਦੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਮਾਮਲੇ ਦੀ ਜਾਣਕਾਰੀ ਮਿਲਦਿਆਂ ਨਾਇਬ ਤਹਿਸੀਲਦਾਰ ਕੀਰਤੀ ਚੌਧਰੀ ਮ੍ਰਿਤਕ ਦੇ ਘਰ ਪੁੱਜੀ। ਉਨ੍ਹਾਂ ਦੱਸਿਆ ਕਿ ਪੂਰਨ ਸਿੰਘ ਰੁਜ਼ਗਾਰ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਸੀ। ਦਿੱਲੀ 'ਚ ਵੀ ਉਸ ਨੂੰ ਕੋਈ ਨੌਕਰੀ ਨਾ ਮਿਲੀ ਤਾਂ ਪ੍ਰੇਸ਼ਾਨ ਹੋ ਕੇ ਉਸ ਨੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਵਾਰ ਦੀ ਹਾਲਤ ਨੂੰ ਵੇਖਦਿਆਂ ਉਨ੍ਹਾਂ ਦੇ ਖਾਣ-ਪੀਣ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਪੂਰਨ ਸਿੰਘ ਦੇ ਪਰਵਾਰ 'ਚ ਉਸ ਦੀ ਗਰਭਵਤੀ ਪਤਨੀ ਸੁਨੀਤਾ, 13 ਸਾਲਾ ਲੜਕੀ ਗੁੜੀਆ, 5 ਸਾਲਾ ਬੱਚੀ ਹੇਮਲਤਾ ਅਤੇ ਤਿੰਨ ਸਾਲਾ ਪੁੱਤਰ ਛੱਤਰਪਾਲ ਹੈ।

ਮ੍ਰਿਤਕ ਦੀ ਧੀ ਗੁੜੀਆ ਨੇ ਦੱਸਿਆ ਕਿ ਘਰ ਦੀ ਆਰਥਕ ਹਾਲਤ ਬਹੁਤ ਖ਼ਰਾਬ ਹੈ। ਬੀਤੇ 4 ਦਿਨਾਂ ਤੋਂ ਪੈਸੇ ਅਤੇ ਰਾਸ਼ਨ ਨਾ ਹੋਣ ਕਾਰਨ ਘਰ 'ਚ ਖਾਣਾ ਵੀ ਨਹੀਂ ਬਣ ਸਕਿਆ ਅਤੇ ਸਾਰੇ ਲੋਕ ਭੁੱਖੇ ਰਹਿੰਦੇ ਹਨ। ਜੇ ਕੋਈ ਪਿੰਡ ਵਾਸੀ ਉਨ੍ਹਾਂ ਨੂੰ ਕੁਝ ਖਾਣ ਲਈ ਦੇ ਦਿੰਦਾ ਹੈ ਤਾਂ ਉਹ ਖਾ ਲੈਂਦੇ ਹਨ, ਨਹੀਂ ਤਾਂ ਭੁੱਖਾ ਹੀ ਰਹਿਣਾ ਪੈਂਦਾ ਹੈ।