ਨੂਹ ਹਿੰਸਾ: ਸਾਈਬਰ ਪੁਲਿਸ ਸਟੇਸ਼ਨ 'ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ, ਕਈ ਦਿਨਾਂ ਤੋਂ ਚੰਡੀਗੜ੍ਹ 'ਚ ਲੁਕਿਆ ਸੀ ਵਸੀਮ
ਪੁੱਛਗਿੱਛ ਦੌਰਾਨ ਵਸੀਮ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹਿੰਸਾ ਵਿਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ।
ਕਰਨਾਲ - ਹਰਿਆਣਾ ਵਿਚ ਨੂਹ ਹਿੰਸਾ ਦੇ ਮਾਮਲੇ ਵਿਚ ਸੀਆਈਏ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਤਿਰੰਗਾ ਚੌਕ, ਅਦਬਰ ਚੌਕ, ਨਲ੍ਹਾ ਮੰਦਰ ਰੋਡ ਤੇ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਭੰਨਤੋੜ ਅਤੇ ਅੱਗਜ਼ਨੀ ਕਰਨ ਵਾਲੇ ਵਸੀਮ ਉਰਫ਼ ਟੀਟਾ ਵਾਸੀ ਫ਼ਿਰੋਜ਼ਪੁਰ ਨਮਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਿੰਸਾ ਤੋਂ ਬਾਅਦ ਮੁਲਜ਼ਮ ਨੇ ਅਪਣਾ ਫ਼ੋਨ ਮੋਬਾਈਲ ਫ਼ੋਨ ਤੋੜ ਦਿੱਤਾ ਸੀ ਤੇ ਆਪਣੀ ਪਤਨੀ ਦਾ ਮੋਬਾਈਲ ਫ਼ੋਨ ਲੈ ਕੇ ਇੱਕ ਟਰੱਕ ਵਿਚ ਚੇਨਈ ਚਲਾ ਗਿਆ। ਕੁਝ ਦਿਨ ਇੱਥੇ ਰਹਿਣ ਤੋਂ ਬਾਅਦ ਉਹ ਚੰਡੀਗੜ੍ਹ ਪਹੁੰਚ ਗਿਆ ਅਤੇ ਕਈ ਦਿਨਾਂ ਤੱਕ ਇੱਥੇ ਲੁਕਿਆ ਰਿਹਾ।
ਪੁਲਿਸ ਨੇ ਉਸ ਨੂੰ 3 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਪੁਲਿਸ ਬੁਲਾਰੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 30 ਅਗਸਤ ਨੂੰ ਨੂਹ ਸੀ.ਆਈ.ਏ ਇੰਚਾਰਜ ਅਮਿਤ ਨੂੰ ਸੂਚਨਾ ਮਿਲੀ ਸੀ ਕਿ 31 ਜੁਲਾਈ ਨੂੰ ਨੂਹ 'ਚ ਹੋਈ ਹਿੰਸਾ ਦੌਰਾਨ ਤਿਰੰਗਾ ਚੌਕ, ਅਦਬਰ ਚੌਕ, ਨਲਹਾਰ ਮੰਦਰ ਰੋਡ 'ਤੇ ਇਕ ਨਿੱਜੀ ਬੱਸ ਦੀ ਭੰਨਤੋੜ ਅਤੇ ਲੁੱਟ-ਖੋਹ ਦੀਆਂ ਖਬਰਾਂ ਹਨ। ਸਾਈਬਰ ਕ੍ਰਾਈਮ ਥਾਣਾ ਪੁਲਿਸ 'ਤੇ ਹਮਲਾ ਕਰਨ ਅਤੇ ਅੱਗਜ਼ਨੀ ਵਰਗੀਆਂ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਵਸੀਮ ਉਰਫ ਟੀਟਾ ਆਪਣੇ ਭਰਾ ਸਮੇਤ ਚੰਡੀਗੜ੍ਹ ਤੋਂ ਆਪਣੇ ਪਿੰਡ ਫ਼ਿਰੋਜ਼ਪੁਰ ਨਮਕ ਨੂੰ ਆ ਰਿਹਾ ਹੈ।
ਸੂਚਨਾ ਮਿਲਦੇ ਹੀ ਸੀਆਈਏ ਇੰਚਾਰਜ ਅਮਿਤ ਨੇ ਤੁਰੰਤ ਟੀਮ ਦਾ ਗਠਨ ਕੀਤਾ। ਇਸ ਤੋਂ ਬਾਅਦ ਦੋਸ਼ੀ ਟੀਟਾ ਨੂੰ ਬਾਦਸ਼ਾਹਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹਿੰਸਾ ਵਿਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਨਾਲ ਹੀ, ਹਿੰਸਾ ਤੋਂ ਪਹਿਲਾਂ, ਇੱਕ 0011 ਗਰੋਹ ਦਾ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਸੀ ਅਤੇ ਦਰਜਨਾਂ ਪਿੰਡਾਂ ਦੇ ਨੌਜਵਾਨਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਸੀ।
ਇਸ ਤੋਂ ਬਾਅਦ 30 ਜੁਲਾਈ ਨੂੰ ਸੁਨੇਹਾ ਦਿੱਤਾ ਗਿਆ ਕਿ ਕੱਲ੍ਹ 31 ਜੁਲਾਈ ਨੂੰ ਬਜਰੰਗ ਦਲ ਵਾਲਿਆਂ ਨੂੰ ਸਬਕ ਸਿਖਾਉਣਾ ਹੈ। ਸਾਰਿਆਂ ਨੂੰ ਇਸ ਲਈ ਤਿਆਰ ਰਹਿਣਾ ਹੋਵੇਗਾ। ਨੂਹ ਸੀਆਈਏ ਪੁਲਿਸ ਨੇ ਮੁਲਜ਼ਮਾਂ ਨੂੰ ਥਾਣਾ ਸਿਟੀ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਅਦਾਲਤ ਤੋਂ 3 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਹੈ।