Gujarat Flood : ਭਾਰੀ ਮੀਂਹ ਕਾਰਨ ਵਡੋਦਰਾ ਦੇ ਰਿਹਾਇਸ਼ੀ ਇਲਾਕਿਆਂ ਤੋਂ 24 ਮਗਰਮੱਛਾਂ ਨੂੰ ਬਚਾਇਆ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਦੀ ’ਚ ਪਾਣੀ ਦਾ ਪੱਧਰ ਵਧਣ ਨਾਲ ਕੁਲ 24 ਮਗਰਮੱਛ ਹੜ੍ਹ ਦੇ ਪਾਣੀ ’ਚ ਵਹਿ ਕੇ ਰਿਹਾਇਸ਼ੀ ਇਲਾਕਿਆਂ ’ਚ ਪਹੁੰਚ ਗਏ

crocodiles rescued

Gujarat Flood : ਗੁਜਰਾਤ ਦੇ ਵਡੋਦਰਾ ਸ਼ਹਿਰ ’ਚ 27 ਅਗਸਤ ਤੋਂ 29 ਅਗਸਤ ਦਰਮਿਆਨ ਭਾਰੀ ਮੀਂਹ ਕਾਰਨ ਵਿਸ਼ਵਾਮਿੱਤਰੀ ਨਦੀ ’ਚ ਪਾਣੀ ਦਾ ਪੱਧਰ ਵਧਣ ਨਾਲ ਕੁਲ 24 ਮਗਰਮੱਛ ਹੜ੍ਹ ਦੇ ਪਾਣੀ ’ਚ ਵਹਿ ਕੇ ਰਿਹਾਇਸ਼ੀ ਇਲਾਕਿਆਂ ’ਚ ਪਹੁੰਚ ਗਏ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦਸਿਆ ਕਿ ਇਨ੍ਹਾਂ ਸਾਰੇ ਮਗਰਮੱਛਾਂ ਨੂੰ ਬਚਾ ਲਿਆ ਗਿਆ ਹੈ।

ਵਡੋਦਰਾ ਰੇਂਜ ਦੇ ਜੰਗਲਾਤ ਅਧਿਕਾਰੀ ਕਰਨਸਿੰਘ ਰਾਜਪੂਤ ਨੇ ਦਸਿਆ ਕਿ ਵਿਸ਼ਵਾਮਿੱਤਰੀ ਨਦੀ ’ਚ ਕਰੀਬ 440 ਮਗਰਮੱਛ ਰਹਿੰਦੇ ਹਨ, ਜਿਨ੍ਹਾਂ ’ਚੋਂ ਕਈ ਅਜਵਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਆਏ ਹੜ੍ਹ ’ਚ ਵਹਿ ਗਏ ਹਨ।

ਉਨ੍ਹਾਂ ਕਿਹਾ, ‘‘ਇਨ੍ਹਾਂ ਤਿੰਨ ਦਿਨਾਂ ਦੌਰਾਨ 24 ਮਗਰਮੱਛਾਂ ਤੋਂ ਇਲਾਵਾ ਅਸੀਂ ਸੱਪ, ਕੋਬਰਾ, 40 ਕਿਲੋਗ੍ਰਾਮ ਭਾਰ ਵਾਲੇ ਪੰਜ ਵੱਡੇ ਕੱਛੂਆਂ ਅਤੇ ਇਕ ਸਾਹੀ ਸਮੇਤ 75 ਹੋਰ ਜਾਨਵਰਾਂ ਨੂੰ ਬਚਾਇਆ। ਵਿਸ਼ਵਾਮਿੱਤਰੀ ਨਦੀ ਦੇ ਨੇੜੇ ਬਹੁਤ ਸਾਰੇ ਰਿਹਾਇਸ਼ੀ ਇਲਾਕੇ ਹਨ।’’

ਉਨ੍ਹਾਂ ਕਿਹਾ, ‘‘ਸੱਭ ਤੋਂ ਛੋਟਾ ਮਗਰਮੱਛ ਜਿਸ ਨੂੰ ਅਸੀਂ ਬਚਾਇਆ ਹੈ, ਉਹ ਦੋ ਫੁੱਟ ਲੰਬਾ ਹੈ, ਜਦਕਿ ਸੱਭ ਤੋਂ ਵੱਡਾ ਮਗਰਮੱਛ 14 ਫੁੱਟ ਲੰਬਾ ਹੈ। ਇਹ ਵੀਰਵਾਰ ਨੂੰ ਨਦੀ ਦੇ ਕਿਨਾਰੇ ਕਾਮਨਾਥ ਨਗਰ ਤੋਂ ਫੜਿਆ ਗਿਆ ਸੀ। ਸਥਾਨਕ ਵਸਨੀਕਾਂ ਨੇ ਸਾਨੂੰ ਇਸ ਬਾਰੇ ਸੂਚਿਤ ਕੀਤਾ ਸੀ। ਇਸ ਤੋਂ ਇਲਾਵਾ ਵੀਰਵਾਰ ਨੂੰ ਈ.ਐਮ.ਈ. ਸਰਕਲ ਅਤੇ ਐਮ.ਐਸ. (ਮਨੋਨਮਨੀਅਮ ਸੁੰਦਰਨਾਰ) ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਨੇੜੇ ਇਕ ਖੁੱਲ੍ਹੇ ਖੇਤਰ ਤੋਂ 11 ਫੁੱਟ ਲੰਮੇ ਦੋ ਹੋਰ ਮਗਰਮੱਛਾਂ ਨੂੰ ਬਚਾਇਆ ਗਿਆ।’’

ਰਾਜਪੂਤ ਨੇ ਕਿਹਾ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ ਮਨੁੱਖੀ-ਮਗਰਮੱਛ ਟਕਰਾਅ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ, ‘‘ਮਗਰਮੱਛ ਆਮ ਤੌਰ ’ਤੇ ਮਨੁੱਖਾਂ ’ਤੇ ਹਮਲਾ ਨਹੀਂ ਕਰਦੇ। ਨਦੀ ’ਚ ਉਹ ਮੱਛੀਆਂ ਅਤੇ ਜਾਨਵਰਾਂ ਦੀਆਂ ਲਾਸ਼ਾਂ ਖਾ ਕੇ ਜਿਉਂਦੇ ਹਨ। ਉਹ ਕੁੱਤਿਆਂ, ਸੂਰਾਂ ਅਤੇ ਹੋਰ ਛੋਟੇ ਜਾਨਵਰਾਂ ਨੂੰ ਵੀ ਮਾਰ ਸਕਦੇ ਹਨ ਅਤੇ ਖਾ ਸਕਦੇ ਹਨ। ਅਜਿਹੀ ਹੀ ਇਕ ਘਟਨਾ ਦਾ ਵੀਡੀਉ ਹਾਲ ਹੀ ’ਚ ਵਾਇਰਲ ਹੋਇਆ ਸੀ।’’
 

ਰਾਜਪੂਤ ਨੇ ਕਿਹਾ ਕਿ ਵਿਸ਼ਵਾਮਿੱਤਰੀ ਨਦੀ ਦੇ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ ਹੈ, ਇਸ ਲਈ ਮਗਰਮੱਛਾਂ ਸਮੇਤ ਬਚਾਏ ਗਏ ਜਾਨਵਰਾਂ ਨੂੰ ਜਲਦੀ ਹੀ ਛੱਡ ਦਿਤਾ ਜਾਵੇਗਾ।