ਨਿਰਭਯਾ ਦੀ ਵਕੀਲ ਦਿਵਾਏਗੀ ਹਾਥਰਸ ਦੀ ਧੀ ਨੂੰ ਇਨਸਾਫ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਮਾ ਸਮ੍ਰਿਧੀ ਨੇ ਮੁਫ਼ਤ ਕੇਸ ਲੜਨ ਦਾ ਕੀਤਾ ਫੈਸਲਾ

Seema Samridhi

ਨਵੀਂ ਦਿੱਲੀ: ਨਿਰਭਯਾ ਦਾ ਕੇਸ ਲੜਨ ਵਾਲੀ ਵਕੀਲ ਸੀਮਾ ਸਮ੍ਰਿਧੀ ਨੇ ਹਾਥਰਸ ਦੀ ਗੈਂਗਰੇਪ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਉਸ ਦਾ ਕੇਸ ਮੁਫਤ ਲੜਨ ਦਾ ਫੈਸਲਾ ਕੀਤਾ ਹੈ। ਸੀਮਾ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਹੈ। ਸੀਮਾ ਦੀ ਪੀੜਤ ਲੜਕੀ ਦੇ ਪਰਿਵਾਰ ਨਾਲ ਫੋਨ ਜ਼ਰੀਏ ਗੱਲਬਾਤ ਹੋਈ ਹੈ।

ਇਸ ਦੌਰਾਨ ਸੁਪਰੀਮ ਕੋਰਟ ਵਿਚ ਇਕ ਜਨਤਕ ਪਟੀਸ਼ਨ ਵੀ ਦਾਖਲ਼ ਕੀਤੀ ਗਈ ਹੈ। ਜਨਤਕ ਪਟੀਸ਼ਨ ਵਿਚ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਾਂ ਐਸਆਈਟੀ ਕੋਲੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿਚ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਮੌਜੂਦਾ ਜਾਂ ਰਿਟਾਇਰਡ ਜਸਟਿਸ ਕੋਲੋਂ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।

ਜਨਤਕ ਪਟੀਸ਼ਨ ਸਮਾਜ ਸੇਵੀ ਸੱਤਿਅਮ ਦੁਬੇ, ਵਿਸ਼ਾਲ ਠਾਕਰੇ ਅਤੇ ਰੁਦਰ ਪ੍ਰਤਾਪ ਯਾਦਵ ਨੇ ਦਰਜ ਕੀਤੀ ਹੈ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮਾਮਲੇ ਦੀ ਜਾਂਚ ਅਤੇ ਟ੍ਰਾਇਲ ਨਿਰਪੱਖ ਨਹੀਂ ਹੋ ਸਕੇਗਾ, ਇਸ ਲਈ ਇਸ ਮਾਮਲੇ ਨੂੰ ਦਿੱਲੀ ਟ੍ਰਾਂਸਫਰ ਕੀਤਾ ਜਾਣਾ ਚਾਹੀਦਾ ਹੈ।

ਪਟੀਸ਼ਨ ਵਿਚ ਦੱਸਿਆ ਗਿਆ ਹੈ ਕਿ ਪੀੜਤਾ ਨਾਲ ਪਹਿਲਾਂ ਗੈਂਗਰੇਪ ਕੀਤਾ ਗਿਆ ਅਤੇ ਫਿਰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਤਸ਼ੱਦਦ ਕੀਤਾ ਗਿਆ।
ਮੈਡੀਕਲ ਰਿਪੋਰਟ ਅਨੁਸਾਰ ਪੀੜਤ ਲੜਕੀ ਦੀ ਜੀਭ ਕੱਟੀ ਹੋਈ ਸੀ ਅਤੇ ਉਸ ਦੇ ਸਰੀਰ ਵਿਚ ਕਈ ਫਰੈਕਚਰ ਸਨ। ਦੱਸ ਦਈਏ ਕਿ ਪੀੜਤ ਲੜਕੀ 14 ਸਤੰਬਰ ਨੂੰ ਹਾਥਰਸ ਦੇ ਇਕ ਪਿੰਡ ਵਿਚ ਦਰਿੰਦਗੀ ਦਾ ਸ਼ਿਕਾਰ ਹੋਈ ਸੀ। ਉਸ ਨੇ ਮੰਗਲਵਾਰ ਨੂੰ ਦਿੱਲੀ ਦੇ ਇਕ ਹਸਪਤਾਲ ਵਿਚ ਦਮ ਤੋੜ ਦਿੱਤਾ।